ਡੋਨਾਲਡ ਟਰੰਪ ਵੱਲੋਂ ਅਮਰੀਕਾ ਦਾ ਰਾਸ਼ਟਰਪਤੀ ਬਣਨ ਦੇ ਬਾਅਦ ਤੋਂ ਹੀ ਵੀਜ਼ਾ ਨਿਯਮਾਂ ਵਿੱਚ ਸਖਤੀ ਕੀਤੀ ਹੋਈ ਹੈ। ਪਹਿਲਾਂ ਟਰੰਪ ਨੇ ਸੱਤਾ ਵਿੱਚ ਆਉਂਦੇ ਹੀ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ ਵਿੱਚ ਬਾਹਰ ਕੱਢਣ ਦੀ ਮੁਹਿੰਮ ਚਲਾਈ। ਇਸ ਤੋਂ ਬਾਅਦ ਅਮਰੀਕਾ ਵੱਲੋਂ ਦੂਜੇ ਦੇਸ਼ਾਂ ਦੇ ਹੁਨਰਮੰਦ ਕਾਮਿਆਂ ਨੂੰ ਦਿੱਤੇ ਜਾਂਦੇ ਵੀਜ਼ਾ ਨਿਯਮਾਂ ਵਿੱਚ ਸਖਤੀ ਕੀਤੀ ਗਈ। H1B ਵੀਜ਼ਾ ਨਿਯਮਾਂ ਵਿਚ ਵੀ ਅਮਰੀਕਾ ਲਗਾਤਾਰ ਸਖਤੀ ਕਰ ਰਿਹਾ ਹੈ ਅਤੇ ਹੁਣ ਐੱਚ-1 ਬੀ ਵੀਜ਼ਾ ਅਪਲਾਈ ਕਰਨ ਵਾਲਿਆਂ ਨੂੰ ਆਪਣਾ ਸੋਸ਼ਲ ਮੀਡੀਆ ਅਕਾਊਂਟ ਜਨਤਕ ਕਰਨਾ ਹੋਵੇਗਾ ਤਾਂ ਕਿ ਅਮਰੀਕੀ ਅਧਿਕਾਰੀ ਉਸ ਦੀ ਪ੍ਰੋਫਾਈਲ, ਸੋਸ਼ਲ ਮੀਡੀਆ ਪੋਸਟ ਤੇ ਲਾਈਕਸ ਨੂੰ ਦੇਖ ਸਕਣ।
ਸੋਸ਼ਲ ਮੀਡੀਆ ਪ੍ਰੋਫਾਈਲ ਜਨਤਕ ਕਰਨ ਪਿੱਛੇ ਕਾਰਨ ਹੈ ਕਿ ਜੇਕਰ ਅਰਜ਼ੀਕਰਤਾ ਦੀ ਕੋਈ ਵੀ ਸੋਸ਼ਲ ਮੀਡੀਆ ਐਕਟੀਵਿਟੀ ਅਮਰੀਕੀ ਹਿੱਤਾਂ ਖਿਲਾਫ ਦਿਖੀ ਤਾਂ ਐੱਚ-1ਬੀ ਵੀਜ਼ਾ ਜਾਰੀ ਨਹੀਂ ਕੀਤਾ ਜਾਵੇਗਾ। H-1B ਦੇ ਆਸ਼ਰਿਤਾਂ (ਪਤਨੀ, ਬੱਚਿਆਂ ਤੇ ਮਾਤਾ-ਪਿਤਾ) ਲਈ ਐੱਚ-4 ਵੀਜ਼ਾ ਲਈ ਵੀ ਸੋਸ਼ਲ ਮੀਡੀਆ ਪ੍ਰੋਫਾਈਲ ਨੂੰ ਪਬਲਿਕ ਕਰਨਾ ਜ਼ਰੂਰੀ ਹੋਵੇਗਾ। ਨਵੇਂ ਨਿਯਮ 15 ਦਸੰਬਰ ਤੋਂ ਲਾਗੂ ਹੋਣਗੇ।
ਅਮਰੀਕਾ ਵਿੱਚ H1B ਵੀਜ਼ਾ ਵਿਦੇਸ਼ੀ ਕਰਮੀਆਂ ਨੂੰ ਆਰਜ਼ੀ ਤੌਰ 'ਤੇ ਅਮਰੀਕਾ ਵਿਚ ਕੰਮ ਕਰਨ ਦੀ ਇਜਾਜ਼ਤ ਦਿੰਦਾ ਹੈ। ਇਹ ਵੀਜ਼ੇ ਸਿਰਫ਼ ਹੁਨਰਮੰਦ ਪੇਸ਼ਾਵਰਾਂ ਨੂੰ ਦਿੱਤੇ ਜਾਣਗੇ। 90 ਦੇ ਦਹਾਕੇ ਵਿੱਚ ਅਮਰੀਕਾ ਵਿੱਚ ਕਈ ਆਈਟੀ ਅਤੇ ਸਾਫ਼ਟਵੇਅਰ ਕੰਪਨੀਆਂ ਦੀ ਸ਼ੁਰੂਆਤ ਹੋਈ। ਆਪਣੇ ਦੇਸ ਵਿੱਚ ਇਸ ਤਰ੍ਹਾਂ ਦੇ ਪੇਸ਼ਾਵਰਾਂ ਦੀ ਕਮੀ ਦੇ ਕਾਰਨ, ਅਮਰੀਕੀ ਸਰਕਾਰ ਨੇ ਇਸ ਪੇਸ਼ੇ ਦੇ ਵਿਦੇਸ਼ੀ ਹੁਨਰਮੰਦਾਂ ਨੂੰ H1B ਵੀਜ਼ਾ ਪ੍ਰਦਾਨ ਕਰ ਕੇ ਅਸਥਾਈ ਸਮੇਂ ਲਈ ਨੌਕਰੀ ਦੇਣ ਦੀ ਆਗਿਆ ਦਿੱਤੀ ਹੈ।