ਅਮਰੀਕੀ ਰਾਸ਼ਟਰਪਤੀ ਟਰੰਪ ਦੇ ਪ੍ਰਸ਼ਾਸਨ ਨੇ ਅਧਿਕਾਰਤ ਤੌਰ ’ਤੇ ਆਪਣਾ ‘ਟਰੰਪ ਗੋਲਡ ਕਾਰਡ’ ਵੀਜ਼ਾ ਪ੍ਰੋਗਰਾਮ ਸ਼ੁਰੂ ਕਰ ਦਿੱਤਾ ਹੈ। ਇਸ ਪ੍ਰੋਗਰਾਮ ਤਹਿਤ ਗੈਰ-ਅਮਰੀਕੀ ਨਾਗਰਿਕਾਂ ਨੂੰ ਇਕ ਭਾਰੀ ਕੀਮਤ ਦੀ ਅਦਾਇਗੀ ਕਰਕੇ ਅਮਰੀਕਾ ਵਿੱਚ ਰਹਿਣ ਦੀ ਖੁੱਲ੍ਹ ਮਿਲੇਗੀ । ਵੈੱਬਸਾਈਟ Trumpcard.gov, ਜਿਸ ਵਿੱਚ ‘ਹੁਣੇ ਅਪਲਾਈ ਕਰੋ’ ਬਟਨ ਹੈ ।
ਜਾਂਚ ਅਮਲ ਵਿੱਚੋਂ ਲੰਘਣ ਮਗਰੋਂ ਬਿਨੈਕਾਰਾਂ ਨੂੰ ਵੀਜ਼ਾ ਪ੍ਰਾਪਤ ਕਰਨ ਲਈ 10 ਲੱਖ ਡਾਲਰ ਦਾ ਭੁਗਤਾਨ ਕਰਨਾ ਪਵੇਗਾ। ਵੈੱਬਸਾਈਟ ’ਤੇ ਅਪਲੋਡ ਜਾਣਕਾਰੀ ਵਿੱਚ ‘ਟਰੰਪ ਕਾਰਡ’ ਨੂੰ ‘ਤੋਹਫ਼ਾ’ ਦੱਸਿਆ ਗਿਆ ਹੈ, ਜੋ ‘ਗ੍ਰੀਨ ਕਾਰਡ’ ਵਾਂਗ ਹੈ, ਜੋ ਉਨ੍ਹਾਂ ਨੂੰ ਅਮਰੀਕਾ ਵਿੱਚ ਰਹਿਣ ਅਤੇ ਕੰਮ ਕਰਨ ਦੀ ਆਗਿਆ ਦਿੰਦਾ ਹੈ। ਇਸਦੇ ਨਾਲ ਹੀ 50 ਲੱਖ ਡਾਲਰ ਦੇ ਪਲੈਟਿਨਮ ਵਰਜ਼ਨ ਦਾ ਪ੍ਰਸਤਾਵ ਵੀ ਰੱਖਿਆ ਗਿਆ ਹੈ ।
ਟਰੰਪ ਨੇ ਵ੍ਹਾਈਟ ਹਾਊਸ ਵਿੱਚ ਪੱਤਰਕਾਰਾਂ ਨੂੰ ਦੱਸਿਆ ਅਸਲ ਵਿੱਚ ਇਹ ਇੱਕ ਗ੍ਰੀਨ ਕਾਰਡ ਹੈ, ਪਰ ਬਹੁਤ ਵਧੀਆ। ਬਹੁਤ ਜ਼ਿਆਦਾ ਸ਼ਕਤੀਸ਼ਾਲੀ, ਇੱਕ ਬਹੁਤ ਮਜ਼ਬੂਤ ਰਾਹ । ਇੱਕ ਰਾਹ, ਜੋ ਵੱਡੀ ਗੱਲ ਹੈ। ਮਹਾਨ ਲੋਕ ਬਣਨਾ ਪਵੇਗਾ। ਦੂਜੇ ਪਾਸੇ ਵਣਜ ਸਕੱਤਰ ਹਾਵਰਡ ਲੂਟਨਿਕ ਨੇ ਕਿਹਾ ਕਿ ਕਰੀਬ 10,000 ਲੋਕਾਂ ਨੇ ਪਹਿਲਾਂ ਹੀ ਪ੍ਰੀ-ਰਜਿਸਟ੍ਰੇਸ਼ਨ ਅਰਸੇ ਦੌਰਾਨ ਗੋਲਡ ਕਾਰਡ ਲਈ ਸਾਈਨ ਅੱਪ ਕੀਤਾ ਹੈ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਹੋਰ ਵੀ ਬਹੁਤ ਸਾਰੇ ਅਜਿਹਾ ਕਰਨਗੇ। ਲੂਟਨਿਕ ਨੇ ਕਿਹਾ ਮੈਂ ਸਮੇਂ ਦੇ ਨਾਲ ਉਮੀਦ ਕਰਾਂਗਾ ਕਿ ਅਸੀਂ ਇਨ੍ਹਾਂ ਹਜ਼ਾਰਾਂ ਕਾਰਡਾਂ ਨੂੰ ਵੇਚਾਂਗੇ ਅਤੇ ਅਰਬਾਂ,ਅਰਬਾਂ ਡਾਲਰ ਇਕੱਠੇ ਕਰਾਂਗੇ। ਲੂਟਨਿਕ ਨੇ ਕਿਹਾ ਕਿ ਗੋਲਡ ਕਾਰਡ ਪ੍ਰੋਗਰਾਮ ਉਨ੍ਹਾਂ ਲੋਕਾਂ ਨੂੰ ਅਮਰੀਕਾ ਲਿਆਏਗਾ ਜਿਨ੍ਹਾਂ ਦਾ ਅਰਥਚਾਰੇ ਨੂੰ ਲਾਭ ਹੋਵੇਗਾ।
ਦੱਸ ਦਈਏ ਕਿ 'ਗੋਲਡ ਕਾਰਡ' ਵੀਜ਼ਾ ਪ੍ਰੋਗਰਾਮ ਅਮਰੀਕਾ ਦੇ EB-5 ਵੀਜ਼ਾ ਦੀ ਥਾਂ ਹੈ ਇਸ ਨੂੰ ਅਮਰੀਕਾ ਕਾਂਗਰਸ ਨੇ 1990 ਵਿੱਚ ਵਿਦੇਸ਼ੀ ਨਿਵੇਸ਼ ਨੂੰ ਵਧਾਵਾ ਦੇਣ ਲਈ ਸਥਾਪਿਤ ਕੀਤਾ ਸੀ ਅਤੇ ਇਹ ਉਨ੍ਹਾਂ ਲੋਕਾਂ ਲਈ ਉਪਲਬੱਧ ਸੀ ਜੋ ਘੱਟ ਤੋਂ ਘੱਟ 10 ਲੋਕਾਂ ਨੂੰ ਰੁਜ਼ਗਾਰ ਦੇਣ ਵਾਲੀ ਕੰਪਨੀ ਵਿੱਚ ਕਰੀਬ 1 ਮਿਲੀਅਨ ਡਾਲਰ ਦਾ ਨਿਵੇਸ਼ ਕਰਦੇ ਹਨ ।