"ਯੁੱਧ ਨਸ਼ਿਆਂ ਵਿਰੁੱਧ " ਮੁਹਿੰਮ ਦਾ ਦੂਜਾ ਪੜਾਅ ਜਿਸਦਾ ਉਦੇਸ਼ ਪੰਜਾਬ ਨੂੰ ਨਸ਼ਾ ਮੁਕਤ ਬਣਾਉਣਾ ਹੈ, ਅੱਜ ਤੋਂ ਸ਼ੁਰੂ ਹੋ ਰਿਹਾ ਹੈ। ਪੰਜਾਬ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਫੀਲਡ ਸਟਾਫ ਹੁਣ ਪਿੰਡਾਂ ਅਤੇ ਸ਼ਹਿਰਾਂ ਵਿੱਚ ਘਰ-ਘਰ ਜਾ ਕੇ ਡੇਟਾ ਇਕੱਠਾ ਕਰਨਗੇ ਅਤੇ ਜਾਗਰੂਕਤਾ ਪੈਦਾ ਕਰਨਗੇ। ਸਰਕਾਰ ਦਾ ਟੀਚਾ ਨਸ਼ੇ ਦੀ ਦੁਰਵਰਤੋਂ ਬਾਰੇ ਸਹੀ ਡੇਟਾ ਇਕੱਠਾ ਕਰਨਾ ਅਤੇ ਨਸ਼ੇ ਦੀ ਦੁਰਵਰਤੋਂ ਦੇ ਪ੍ਰਭਾਵਾਂ ਬਾਰੇ ਜਾਗਰੂਕਤਾ ਪੈਦਾ ਕਰਨਾ ਹੈ।
ਇਸ ਤੋਂ ਇਲਾਵਾ, ਨਸ਼ੇ ਛੱਡਣ ਵਾਲੇ ਨੌਜਵਾਨਾਂ ਨੂੰ ਲੋਕਾਂ ਦੇ ਸਾਹਮਣੇ ਰੋਲ ਮਾਡਲ ਵਜੋਂ ਲਿਆਂਦਾ ਜਾਵੇਗਾ ਤਾਂ ਜੋ ਉਹ ਨਸ਼ੇੜੀਆਂ ਨਾਲ ਆਪਣੇ ਤਜਰਬੇ ਸਾਂਝੇ ਕਰ ਸਕਣ ਅਤੇ ਨਸ਼ੇ ਦੀ ਦੁਰਵਰਤੋਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕਤਾ ਪੈਦਾ ਕਰ ਸਕਣ। ਮੋਹਾਲੀ ਵਿੱਚ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਫੀਲਡ ਸਟਾਫ ਨੂੰ ਇਸ ਉਦੇਸ਼ ਲਈ ਸਿਖਲਾਈ ਦਿੱਤੀ ਗਈ ਹੈ।

ਘਰ-ਘਰ ਜਾਗਰੂਕਤਾ ਮੁਹਿੰਮ
ਪੰਜਾਬ ਦੇ ਕੈਬਨਿਟ ਮੰਤਰੀ ਤਰੁਣਪ੍ਰੀਤ ਸੌਂਧ ਨੇ ਕਿਹਾ ਕਿ ਇਸ ਪੜਾਅ ਵਿੱਚ, ਉਹ ਨੌਜਵਾਨ ਜੋ ਕਦੇ ਨਸ਼ੇ ਦੇ ਆਦਿ ਸਨ ਅਤੇ ਹੁਣ ਇਲਾਜ ਤੋਂ ਬਾਅਦ ਇੱਕ ਆਮ ਜ਼ਿੰਦਗੀ ਜੀ ਰਹੇ ਹਨ, ਸਮਾਜ ਵਿੱਚ ਪ੍ਰੇਰਕ ਬੁਲਾਰਿਆਂ ਵਜੋਂ ਕੰਮ ਕਰਨਗੇ। ਇਹ ਨੌਜਵਾਨ ਆਪਣੇ ਤਜਰਬੇ ਸਾਂਝੇ ਕਰਨਗੇ ਅਤੇ ਲੋਕਾਂ ਖਾਸ ਕਰਕੇ ਨੌਜਵਾਨਾਂ ਨੂੰ ਨਸ਼ਾ ਛੱਡਣ ਲਈ ਪ੍ਰੇਰਿਤ ਕਰਨਗੇ। ਉਨ੍ਹਾਂ ਕਿਹਾ ਕਿ ਪਿੰਡਾਂ ਅਤੇ ਸ਼ਹਿਰੀ ਵਾਰਡਾਂ ਵਿੱਚ ਘਰ-ਘਰ ਜਾ ਕੇ ਜਾਗਰੂਕਤਾ ਮੁਹਿੰਮ ਚਲਾਈ ਜਾਵੇਗੀ।
ਨਸ਼ੇ ਦੇ ਮਾੜੇ ਪ੍ਰਭਾਵਾਂ ਬਾਰੇ ਵਿਆਪਕ ਜਨਤਕ ਜਾਗਰੂਕਤਾ ਪੈਦਾ ਕਰਨ ਲਈ ਸਥਾਨਕ ਲੋਕਾਂ ਨੂੰ ਇਸ ਮੁਹਿੰਮ ਵਿੱਚ ਸ਼ਾਮਲ ਕੀਤਾ ਜਾਵੇਗਾ। ਮੰਤਰੀ ਨੇ ਕਿਹਾ ਕਿ ਸਿਖਲਾਈ ਪ੍ਰੋਗਰਾਮ ਦਾ ਉਦੇਸ਼ ਫੀਲਡ ਸਟਾਫ ਦੀ ਸਮਰੱਥਾ ਵਧਾਉਣਾ, ਪੰਚਾਇਤਾਂ ਨੂੰ ਸਸ਼ਕਤ ਬਣਾਉਣਾ ਅਤੇ ਮਾਲੀਆ ਪੈਦਾ ਕਰਨ ਲਈ ਸਰੋਤਾਂ ਨੂੰ ਮਜ਼ਬੂਤ ਕਰਨਾ ਵੀ ਹੈ।
ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਦਾਅਵਾ ਕੀਤਾ ਕਿ ਹੁਣ ਤੱਕ ਲਗਭਗ 20,000 ਨਸ਼ੇ ਦੇ ਆਦੀ ਨੌਜਵਾਨਾਂ ਨੂੰ ਨਸ਼ੇ ਦੀ ਲਤ ਤੋਂ ਮੁਕਤ ਕੀਤਾ ਜਾ ਚੁੱਕਾ ਹੈ। ਸਿਹਤ ਮੰਤਰੀ ਨੇ ਕਿਹਾ ਕਿ ਰਾਜ ਦੇ ਕਈ ਖੇਤਰਾਂ ਵਿੱਚ ਸਥਿਤ ਨਸ਼ਾ ਛੁਡਾਊ ਕੇਂਦਰ ਹੁਣ ਨਵੇਂ ਕੇਸ ਦਰਜ ਨਹੀਂ ਕਰ ਰਹੇ ਹਨ, ਜੋ ਕਿ ਮੁਹਿੰਮ ਦੀ ਮਹੱਤਵਪੂਰਨ ਸਫਲਤਾ ਨੂੰ ਦਰਸਾਉਂਦਾ ਹੈ।