ਬਠਿੰਡਾ: ਪੁਲਿਸ ਥਾਣਾ ਕੈਨਾਲ ਖੇਤਰ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਕਿ ਪੁਲਿਸ ਨੂੰ ਬੀਤੇ ਕੱਲ੍ਹ ਤੋਂ ਲਾਪਤਾ ਇੱਕ ਔਰਤ ਦੀ ਮ੍ਰਿਤਕ ਦੇਹ ਇੱਕ ਖਾਲੀ ਪਲਾਟ ’ਚੋਂ ਬਰਾਮਦ ਹੋਈ ਹੈ।
ਮੌਕੇ 'ਤੇ ਪਹੁੰਚੇ SP (ਸਿਟੀ) ਨਰਿੰਦਰ ਸਿੰਘ ਨੇ ਦੱਸਿਆ ਕਿ ਕੈਨਾਲ ਖੇਤਰ ਪੁਲਿਸ ਥਾਣਾ ਨੂੰ ਸੂਚਨਾ ਮਿਲੀ ਕਿ ਇੱਕ ਔਰਤ ਆਪਣੇ ਘਰੋਂ ਲਾਪਤਾ ਹੋ ਗਈ ਹੈ, ਜੋ ਕਿ ਬਠਿੰਡਾ ’ਚ ਇੱਕ ਨਿੱਜੀ ਕੰਪਨੀ ਦੇ ਸ਼ੋਅਰੂਮ ’ਚ ਕੰਮ ਕਰਦੀ ਸੀ। ਪੁਲਿਸ ਮੁਤਾਬਕ ਉਨ੍ਹਾਂ ਨੂੰ ਜਾਣਕਾਰੀ ਮਿਲੀ ਸੀ ਕਿ ਲਾਪਤਾ ਔੜਤ, ਜੋ ਕਿ ਰੋਜ਼ਾਨਾ ਵਾਂਗ ਕੰਮ 'ਤੇ ਜਾਣ ਲਈ ਨਿਕਲੀ ਸੀ, ਉਹ ਕੱਲ੍ਹ ਤੋਂ ਘਰ ਵਾਪਸ ਨਹੀਂ ਆਈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ, ਜਿਸ ਤੋਂ ਬਾਅਦ ਇੱਕ ਖਾਲੀ ਪਲਾਟ ’ਚੋਂ ਲਾਪਤਾ ਔਰਤ ਦੀ ਲਾਸ਼ ਬਰਾਮਦ ਹੋਈ। ਪੁਲਿਸ ਮੁਤਾਬਕ ਔਰਤ ਦੀ ਗਰਦਨ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਹੈ।
ਪੁਲਿਸ ਮੁਤਾਬਕ ਵੱਖ-ਵੱਖ ਟੀਮਾਂ ਇਸ ਮਾਮਲੇ ਦੀ ਜਾਂਚ ਕਰ ਰਹੀਆਂ ਹਨ ਅਤੇ ਇਸ ਪੂਰੇ ਮਾਮਲੇ ਨੂੰ ਜਲਦੀ ਹੀ ਹੱਲ ਕਰ ਲਿਆ ਜਾਵੇਗਾ। ਮੌਕੇ 'ਤੇ ਪਹੁੰਚੇ ਮ੍ਰਿਤਕ ਔਰਤ ਦੇ ਪਤੀ ਨੇ ਕਿਹਾ ਉਨ੍ਹਾਂ ਦੀ ਲਵ ਮੈਰੇਜ ਹੋਈ ਸੀ ਅਤੇ ਉਸਨੂੰ ਕੁਝ ਲੋਕਾਂ 'ਤੇ ਸ਼ੱਕ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।