10 ਸਾਲ ਸ਼੍ਰੋਮਣੀ ਅਕਾਲੀ ਦਲ ਤੋਂ ਬਾਹਰ ਰਹਿਣ ਦੀ ਸਜ਼ਾ ਭੁਗਤ ਰਹੇ ਟਕਸਾਲੀ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਦੀ ਪਾਰਟੀ ਵਿੱਚ ਵਾਪਸੀ ਹੋ ਗਈ ਹੈ। ਇਸ ਦੇ ਨਾਲ ਹੀ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਨੂੰ ਮੁਆਫ਼ੀ ਦੇਣ ਵਾਲੇ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਵੀ ਮੁਆਫ਼ੀ ਮੰਗੀ ਹੈ। ਇਸ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅੱਜ ਪੰਜ ਸਿੰਘ ਸਾਹਿਬਾਨਾਂ ਦੀ ਮੀਟਿੰਗ ਹੋਈ ਹੈ ਅਤੇ ਇਸ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਫੈਸਲੇ ਸੁਣਾਇਆ ਗਿਆ। ਇਸ ਦੌਰਾਨ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ, ਅਕਾਲੀ ਲੀਡਰ ਵਿਰਸਾ ਸਿੰਘ ਵਲਟੋਹਾ, ਜਸਵੰਤ ਸਿੰਘ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਸਮੇਤ 5 ਜਣੇ ਸ੍ਰੀ ਅਕਾਲ ਤਖ਼ਤ ਦੇ ਸਨਮੁੱਖ ਪੇਸ਼ ਹੋਏ।
ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਨੇ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਉਕਤਾਨ ਨੂੰ ਗਲਤੀਆਂ ਮੰਨਣ 'ਤੇ ਧਾਰਮਿਕ ਸਜ਼ਾ ਸੁਣਾਈ ਗਈ। ਵਿਰਸਾ ਸਿੰਘ ਵਲਟੋਹਾ ਨੂੰ ਕਿਹਾ ਗਿਆ ਕਿ ਉਹ ਧਾਰਮਿਕ ਸ਼ਖਸੀਅਤਾਂ ਬਾਰੇ ਕੋਈ ਬਿਆਨਬਾਜ਼ੀ ਨਾ ਕਰਨ। ਵਿਰਸਾ ਸਿੰਘ ਵਲਟੋਹਾ ਨੂੰ 3 ਦਿਨ ਸ੍ਰੀ ਦਰਬਾਰ ਸਾਹਿਬ ’ਚ ਜੂਠੇ ਭਾਂਡੇ ਮਾਂਜਣ, ਇੱਕ ਘੰਟਾ ਸੰਗਤ ਦੇ ਜੋੜੇ ਝਾੜਨ ਦੀ ਸੇਵਾ ਤੇ 11 ਦਿਨ ਰੋਜ਼ਾਨਾ ਗੁਰਬਾਣੀ ਦਾ ਜਾਪ ਕਰਨ ਦੀ ਸਜ਼ਾ ਸੁਣਾਈ ਗਈ। ਧਾਰਮਿਕ ਸਜ਼ਾ ਪੂਰੀ ਹੋਣ ਮਗਰੋਂ 1100 ਰੁ. ਦੀ ਦੇਗ ਤੇ 1100 ਰੁ. ਗੋਲਕ ’ਚ ਪਾਉਣ ਦੇ ਆਦੇਸ਼ ਦਿੱਤੇ ਗਏ ਹਨ।
ਸਾਬਕਾ ਜਥੇਦਾਰ ਗਿ. ਗੁਰਬਚਨ ਸਿੰਘ ਨੇ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਪੇਸ਼ ਹੋ ਕੇ ਸਮੁੱਚੀ ਕੌਮ ਤੋਂ ਡੇਰਾ ਮੁਖੀ ਨੂੰ ਮੁਆਫੀ ਦੇਣ ਦੇ ਗੁਨਾਹ ਦੀ ਮੁਆਫੀ ਮੰਗੀ ਹੈ। ਸਤੰਬਰ 2015 ’ਚ ਸਾਬਕਾ ਜਥੇਦਾਰ ਗਿ. ਗੁਰਬਚਨ ਸਿੰਘ ਨੇ ਗੁਰਮੀਤ ਰਾਮ ਰਹੀਮ ਨੂੰ ਮੁਆਫੀ ਦਿੱਤੀ ਸੀ। ਗਿਆਨੀ ਗੁਰਬਚਨ ਸਿੰਘ ਨੂੰ ਵੀ ਧਾਰਮਿਕ ਸਜ਼ਾ ਲਗਾਈ ਗਈ ਹੈ।