ਅੰਮ੍ਰਿਤਸਰ ਦੇ ਝੰਡੇਰ ਦੇਹਾਤੀ ਪੁਲਿਸ ਸਟੇਸ਼ਨ ਦੀ ਟੀਮ ਉਸ ਸਮੇਂ ਹੱਕੀ-ਬੱਕੀ ਰਹਿ ਗਈ, ਜਦੋਂ ਅਦਾਲਤ ਵਿੱਚ ਪੇਸ਼ੀ ਤੋਂ ਬਾਅਦ 3 ਮੁਲਜ਼ਮਾਂ ਨੂੰ ਜੇਲ੍ਹ ਲਿਜਾਇਆ ਜਾ ਰਿਹਾ ਸੀ। ਇਹ ਹੈਰਾਨੀਜਨਕ ਘਟਨਾ ਅੰਮ੍ਰਿਤਸਰ ਦੇ ਰਾਣੀ ਕਾ ਬਾਗ ਖੇਤਰ ਵਿੱਚ ਵਾਪਰੀ, ਜਿਸ ਨੇ ਪੁਲਿਸ ਪ੍ਰਬੰਧਾਂ ‘ਤੇ ਵੀ ਸਵਾਲ ਖੜ੍ਹੇ ਕਰ ਦਿੱਤੇ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ, ਪੁਲਿਸ ਗੱਡੀ ਦਾ ਡਰਾਈਵਰ ਰਸਤੇ ਵਿੱਚ ਪਿਸ਼ਾਬ ਕਰਨ ਲਈ ਸੜਕ ਤੋਂ ਹੇਠਾਂ ਉਤਰ ਗਿਆ। ਕਾਹਲੀ ਵਿੱਚ ਉਸਨੇ ਗੱਡੀ ਦੀਆਂ ਚਾਬੀਆਂ ਅੰਦਰ ਹੀ ਛੱਡ ਦਿੱਤੀਆਂ। ਇਸ ਮੌਕੇ ਦਾ ਫਾਇਦਾ ਚੁੱਕਦੇ ਹੋਏ, ਤਿੰਨਾਂ ਮੁਲਜ਼ਮਾਂ ਨੇ ਹੱਥਕੜੀਆਂ ਅਤੇ ਜੰਜ਼ੀਰਾਂ ਨਾਲ ਬੰਨ੍ਹੇ ਹੋਣ ਦੇ ਬਾਵਜੂਦ ਗੱਡੀ ਵਿੱਚ ਮੌਜੂਦ ਦੂਜੇ ਪੁਲਿਸ ਅਧਿਕਾਰੀਆਂ ਨੂੰ ਜੰਜ਼ੀਰਾਂ ਨਾਲ ਜਕੜ ਲਿਆ ਅਤੇ ਪੁਲਿਸ ਗੱਡੀ ਲੈ ਕੇ ਮੌਕੇ ਤੋਂ ਫਰਾਰ ਹੋ ਗਏ।

ਹਾਲਾਂਕਿ, ਮੁਲਜ਼ਮ ਪੁਲਿਸ ਗੱਡੀ ਨੂੰ ਬਹੁਤ ਦੂਰ ਤੱਕ ਨਹੀਂ ਲੈ ਜਾ ਸਕੇ। ਕੁਝ ਹੀ ਦੂਰੀ ‘ਤੇ ਪੁਲਿਸ ਅਤੇ ਮੁਲਜ਼ਮਾਂ ਵਿਚਕਾਰ ਝੜਪ ਹੋ ਗਈ। ਇਸ ਦੌਰਾਨ ਗੱਡੀ ਚਲਾਉਂਦੇ ਹੋਏ ਮੁਲਜ਼ਮ ਨੇ ਕੰਟਰੋਲ ਗੁਆ ਦਿੱਤਾ, ਜਿਸ ਕਾਰਨ ਪੁਲਿਸ ਵਾਹਨ ਇੱਕ ਇਨੋਵਾ ਕਾਰ ਨਾਲ ਟਕਰਾ ਗਈ। ਟੱਕਰ ਇੰਨੀ ਭਿਆਨਕ ਸੀ ਕਿ ਪੁਲਿਸ ਗੱਡੀ ਨੂੰ ਭਾਰੀ ਨੁਕਸਾਨ ਪਹੁੰਚਿਆ ਤੇ ਇਸਦੇ ਏਅਰ ਬੈਗ ਵੀ ਖੁੱਲ੍ਹ ਗਏ।
ਘਟਨਾ ਤੋਂ ਬਾਅਦ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਤਿੰਨਾਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ। ਪੁਲਿਸ ਵੱਲੋਂ ਤਿੰਨਾਂ ਵਿਰੁੱਧ ਪੁਲਿਸ ਹਿਰਾਸਤ ਤੋਂ ਭੱਜਣ ਅਤੇ ਹੋਰ ਅਪਰਾਧਾਂ ਦੇ ਦੋਸ਼ਾਂ ਤਹਿਤ ਨਵਾਂ ਕੇਸ ਦਰਜ ਕੀਤਾ ਗਿਆ ਹੈ। ਇਸ ਤੋਂ ਬਾਅਦ ਤਿੰਨਾਂ ਨੂੰ ਮੁੜ ਝੰਡੇਰ ਦੇਹਾਤੀ ਪੁਲਿਸ ਸਟੇਸ਼ਨ ਲਿਜਾਇਆ ਗਿਆ। ਪੁਲਿਸ ਅਧਿਕਾਰੀਆਂ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਡਿਊਟੀ ਵਿੱਚ ਲਾਪਰਵਾਹੀ ਕਰਨ ਵਾਲਿਆਂ ਖਿਲਾਫ਼ ਵੀ ਕਾਰਵਾਈ ਦੀ ਸੰਭਾਵਨਾ ਜਤਾਈ ਜਾ ਰਹੀ ਹੈ।