ਸਮਰਾਲਾ:- ਪੰਜਾਬ ਵਿੱਚ ਹਮਲਾ ਕਰਨ ਦੀਆਂ ਵਾਰਦਾਤਾਂ ਲਗਾਤਾਰ ਵੱਧ ਰਹੀਆਂ ਹਨ। ਉੱਥੇ ਹੀ ਸਮਰਾਲਾ ਦੇ ਨਜ਼ਦੀਕ ਪੈਂਦੇ ਪਿੰਡ ਕੁੱਬੇ ਵਿਖੇ ਦੇਰ ਰਾਤ ਅਣਪਛਾਤੇ ਨੌਜਵਾਨਾਂ ਵੱਲੋਂ ਸਕੂਲ ਦੇ ਨਾਲ ਲੱਗਦੇ ਘਰ ਉੱਤੇ ਰੋੜਿਆਂ ਅਤੇ ਕੰਚ ਦੀਆਂ ਬੋਤਲਾਂ ਨਾਲ ਹਮਲਾ ਕੀਤਾ ਗਿਆ।
ਘਰ ਦੇ ਮੈਂਬਰ ਬਲਜੀਤ ਕੌਰ ਨੇ ਦੱਸਿਆ ਕਿ ਉਨਾਂ ਦੇ ਘਰ ਉੱਤੇ ਰਾਤ 10:10 ਵਜੇ ਦੇ ਕਰੀਬ ਸਾਰੇ ਪਿੰਡ ਵਿੱਚ ਲਾਈਟ ਗਈ ਹੋਈ ਸੀ। ਇਸ ਦੌਰਾਨ ਅਣਪਛਾਤੇ ਵਿਅਕਤੀਆਂ ਵੱਲੋਂ ਉਹਨਾਂ ਦੇ ਘਰ 'ਤੇ ਅਚਾਨਕ ਹਮਲਾ ਕਰ ਦਿੱਤਾ ਗਿਆ। ਸਾਰੇ ਪਿੰਡ ਵਾਸੀ ਆਪਣੇ-ਆਪਣੇ ਘਰਾਂ ਵਿੱਚ ਸਨ, ਉਹਨਾਂ ਕਿਹਾ ਕਿ ਸਾਡੀ ਕਿਸੇ ਨਾਲ ਲਾਗ ਡਾਟ ਵੀ ਨਹੀਂ ਤਾਂ ਵੀ ਸਾਡੇ ਉੱਤੇ ਹਮਲਾ ਕੀਤਾ ਗਿਆ। ਉਹਨਾਂ ਦੱਸਿਆ ਕਿ ਅਸੀਂ ਘਰ ਵਿੱਚ 3 ਮੈਂਬਰ ਹਾਂ ਅਤੇ ਉਹਨਾਂ ਦਾ ਇੱਕ ਬੇਟਾ ਅਮਰੀਕਾ ਵਿੱਚ ਟਰੱਕ ਡਰਾਈਵਰ ਦਾ ਕੰਮ ਕਰਦਾ ਹੈ।
ਉਹਨਾਂ ਦੱਸਿਆ ਕਿ ਉਹਨਾਂ ਦੇ ਘਰ ਦੇ ਬਾਹਰ ਅਤੇ ਅੰਦਰ ਰੋੜੇ ਅਤੇ ਕੰਚ ਦੀਆਂ ਬੋਤਲਾਂ ਨਾਲ ਹਮਲਾ ਕੀਤਾ ਗਿਆ। ਜਿਸ ਦੀ ਜਾਣਕਾਰੀ ਪੁਲਿਸ ਨੂੰ ਮੌਕੇ ਉੱਤੇ ਦਿੱਤੀ ਗਈ। ਉੱਥੇ ਹੀ ਪਿੰਡ ਦੇ ਸਰਪੰਚ ਕਰਨ ਪਾਲ ਸਿੰਘ ਨੇ ਦੱਸਿਆ ਕਿ ਦੇਰ ਰਾਤ 10 ਵੱਜ ਕੇ 10 ਕੁ ਮਿੰਟ ਉੱਤੇ ਇਸ ਘਰ ਵਿੱਚੋਂ ਫੋਨ ਆਇਆ ਕੀ ਅਣਪਛਾਤੇ ਨੌਜਵਾਨਾਂ ਨੇ ਉਹਨਾਂ ਦੇ ਘਰ ਉੱਤੇ ਹਮਲਾ ਕੀਤਾ ਗਿਆ ਹੈ ਅਤੇ ਜਦੋਂ ਆ ਕੇ ਦੇਖਿਆ ਤਾਂ ਇਸ ਘਰ ਦੀ ਭੰਨ ਤੋੜ ਕੀਤੀ ਹੋਈ ਸੀ ਅਤੇ ਕੰਚ ਦੀਆਂ ਬੋਤਲਾਂ ਦੇ ਨਾਲ-ਨਾਲ ਰੋੜੇ ਵੱਟੇ ਵੀ ਪਏ ਸਨ ।
ਉਥੇ ਹੀ ਮੌਕੇ 'ਤੇ ਪਹੁੰਚੇ ਥਾਣਾ ਮੁਖੀ ਸਮਰਾਲਾ ਹਰਵਿੰਦਰ ਸਿੰਘ ਨੇ ਦੱਸਿਆ ਕਿ ਰਾਤ 12 ਵਜੇ ਦੇ ਕਰੀਬ 112 ਨੰਬਰ ਤੇ ਇੱਕ ਫੋਨ ਕਾਲ ਆਈ, ਜਿਸ ਵਿੱਚ ਦੱਸਿਆ ਗਿਆ ਕਿ ਪਿੰਡ ਕੁੱਬੇ ਵਿੱਚ ਸਕੂਲ ਦੇ ਨੇੜੇ ਬਣੇ ਘਰ ਤੇ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਹਮਲਾ ਕਰ ਦਿੱਤਾ ਗਿਆ ਹੈ, ਅਸੀਂ ਮੌਕੇ ਉੱਤੇ ਪਹੁੰਚ ਕੇ ਜਾਂ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।