ਜਲੰਧਰ:- ਜਲੰਧਰ ਦੇ ਕਾਲਾ ਸੰਘਿਕਾ ਰੋਡ ਉੱਤੇ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ 2 ਨਕਾਬਪੋਸ਼ ਲੁਟੇਰਿਆਂ ਨੇ ਇੱਕ ਪੈਟਰੋਲ ਪੰਪ ‘ਤੇ 2 ਲੱਖ ਦੀ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ। ਨਕਾਬਪੋਸ਼ ਲੁਟੇਰਿਆਂ ਨੇ ਪੈਟਰੋਲ ਪੰਪ ਦੇ ਕਰਮਚਾਰੀ ਉੱਤੇ ਪਿਸਤੌਲ ਤਾਣ ਕੇ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ। ਲੁੱਟ ਦੀ ਪੂਰੀ ਵਾਰਦਾਤ ਪੈਟਰੋਲ ਪੰਪ ‘ਤੇ ਲੱਗੇ ਸੀਸੀਟੀਵੀ ਕੈਮਰਿਆਂ ‘ਚ ਕੈਦ ਹੋ ਗਈ।
ਇਸ ਦੌਰਾਨ ਮੌਕੇ ਉੱਤੇ ਮੌਜੂਦ ਪੈਟਰੋਲ ਪੰਪ ਦੇ ਕਰਮਚਾਰੀ ਨੇ ਦੱਸਿਆ ਕਿ ਇਹ ਘਟਨਾ ਰਾਤ 8 ਵਜੇ ਦੇ ਕਰੀਬ ਵਾਪਰੀ ਸੀ,ਜਿਸ ਮੌਕੇ ਪੈਟਰੋਲ ਪੰਪ ਉੱਤੇ ਕੁੱਲ 4 ਕਰਮਚਾਰੀ ਮੌਜੂਦ ਸਨ। ਉਸ ਵੇਲੇ 2 ਨਕਾਬਪੋਸ਼ ਲੁਟੇਰਿਆਂ ਨੇ ਪਿਸਤੌਲ ਲਹਿਰਾਉਂਦੇ, ਪੈਟਰੋਲ ਪੰਪ ਦੇ ਕਰਮਚਾਰੀਆਂ ਉੱਤੇ ਹਮਲਾ ਕਰ ਦਿੱਤਾ ਅਤੇ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ। ਲੁਟੇਰੇ ਕਰਮਚਾਰੀਆਂ ਨੂੰ ਕਮਰੇ ਅੰਦਰ ਬੰਦ ਕਰਕੇ 2 ਲੱਖ ਨਕਦੀ ਲੈ ਕੇ ਖੇਤਾਂ ਵੱਲ ਫਰਾਰ ਹੋ ਗਏ, ਜਿਸ ਦੀ ਸੂਚਨਾ ਅਸੀਂ ਲਾਂਬੜਾ ਪੁਲਿਸ ਸਟੇਸ਼ਨ ਨੂੰ ਦਿੱਤੀ। ਉੱਥੇ ਹੀ ਪੀੜਤ ਮਾਲਕ ਨੇ ਪੁਲਿਸ ਨੂੰ ਅਪੀਲ ਕੀਤੀ ਹੈ ਕਿ ਲੁਟੇਰਿਆਂ ਨੂੰ ਜਲਦੀ ਤੋਂ ਜਲਦ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਸਖ਼ਤ ਕਰਵਾਈ ਅਮਲ ਵਿੱਚ ਲਿਆਂਦੀ ਜਾਵੇ।

ਉੱਥੇ ਹੀ ਲਾਂਬੜਾ ਪੁਲਿਸ ਵੱਲੋਂ ਦੱਸਿਆ ਗਿਆ ਕਿ ਇਹ ਲੁੱਟ ਦੀ ਘਟਨਾ ਸੋਮਵਾਰ ਸ਼ਾਮ ਦੀ ਹੈ, ਉਹਨਾਂ ਕਿਹਾ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਅਤੇ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਵਾਰਦਾਤ ਵਾਲੀ ਥਾਂ ਉੱਤੇ ਲੱਗੇ ਕੈਮਰਿਆਂ ਦੀ ਜਾਂਚ ਕੀਤੀ। ਉੱਥੇ ਹੀ ਪੁਲਿਸ ਨੇ ਇਲਾਕੇ ਵਿੱਚ ਸਪੈਸ਼ਲ ਨਾਕਾਬੰਦੀ ਕਰਵਾ ਦਿੱਤੀ ਹੈ ਅਤੇ ਜਲਦ ਹੀ ਆਰੋਪੀਆਂ ਫੜਨ ਦੀ ਗੱਲ ਵੀ ਆਖੀ ਗਈ ਹੈ।