ਹਲਕਾ ਤਰਨਤਾਰਨ ਦੀ 11 ਨਵੰਬਰ ਨੂੰ ਹੋਈ ਜ਼ਿਮਨੀ ਚੋਣ ਦੀਆਂ ਵੋਟਾਂ ਗਿਣਤੀ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ । 14 ਨਵੰਬਰ ਨੂੰ ਸਵੇਰੇ 8:00 ਵਜੇ ਇੰਟਰਨੈਸ਼ਨਲ ਕਾਲਜ ਆਫ਼ ਨਰਸਿੰਗ, ਪਿੱਦੀ, ਤਰਨਤਾਰਨ ਵਿੱਚ ਵੋਟਾਂ ਦੀ ਗਿਣਤੀ ਹੋਵੇਗੀ । ਯਾਦ ਰਹੇ ਕਿ ਤਰਨਤਾਰਨ ਜ਼ਿਮਨੀ ਚੋਣ ਲਈ ਮੰਗਲਵਾਰ ਨੂੰ ਵੋਟਾਂ ਪਈਆਂ ਸਨ ਅਤੇ 60.95 ਫੀਸਦ ਮਤਦਾਨ ਹੋਇਆ ਸੀ ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਤਰਨਤਾਰਨ ਦੇ ਰਿਟਰਨਿੰਗ ਅਫ਼ਸਰ ਗੁਰਮੀਤ ਸਿੰਘ ਨੇ ਦੱਸਿਆ ਕਿ ਜ਼ਿਮਨੀ ਚੋਣ ਦੌਰਾਨ ਕੁੱਲ 15 ਉਮੀਦਵਾਰ ਚੋਣ ਮੈਦਾਨ ਵਿੱਚ ਹਨ । ਜਦੋਂਕਿ EVM ਵਿੱਚ 16 ਨੰਬਰ ਉੱਪਰ ‘ਨੋਟਾ’ ਐਡ ਕੀਤਾ ਗਿਆ ਹੈ । ਉਨ੍ਹਾਂ ਦੱਸਿਆ ਕਿ ਵੋਟਾਂ ਦੀ ਗਿਣਤੀ ਲਈ ਦੋ ਹਾਲ ਬਣਾਏ ਗਏ ਹਨ । EVM ਵੋਟਾਂ ਦੀ ਗਿਣਤੀ ਲਈ 14 ਕਾਊਂਟਰ, ਜਦੋਂਕਿ ਪੋਸਟਲ ਬੈਲਟ ਲਈ 7 ਗਿਣਤੀ ਟੇਬਲ ਲਗਾਏ ਹਨ । ਹਰ ਟੇਬਲ ‘ਤੇ 3 ਮੈਂਬਰਾਂ ਦੀ ਟੀਮ, ਇੱਕ ਮਾਈਕਰੋ ਅਬਜ਼ਰਵਰ, ਇੱਕ ਕਾਊਂਟਿੰਗ ਸੁਪਰਵਾਈਜ਼ਰ ਅਤੇ ਇੱਕ ਕਾਊਂਟਿੰਗ ਐਸਿਸਟੈਂਟ ਤਾਇਨਾਤ ਰਹੇਗਾ। ਗਿਣਤੀ ਦੌਰਾਨ ਉਮੀਦਵਾਰਾਂ ਦੇ ਕਾਊਂਟਿੰਗ ਏਜੰਟ ਵੀ ਮੌਜੂਦ ਰਹਿਣਗੇ। ਉਨ੍ਹਾਂ ਦੱਸਿਆ ਕਿ ਵੋਟਾਂ ਦੀ ਗਿਣਤੀ ਸਵੇਰੇ 8:00 ਵਜੇ ਸ਼ੁਰੂ ਹੋਵੇਗੀ ਅਤੇ ਗਿਣਤੀ ਦੇ ਕੁੱਲ 16 ਰਾਊਂਡ ਹੋਣਗੇ।

ਦੱਸ ਦਈਏ ਕਿ ਤਰਨਤਾਰਨ ਸੀਟ ਆਮ ਆਦਮੀ ਪਾਰਟੀ ਦੇ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਦੀ ਦਿਹਾਤ ਹੋਣ ਤੋਂ ਬਾਅਦ ਖਾਲੀ ਹੋਈ ਸੀ । ਸੂਬੇ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਦੀ ਆਸ ਹਰਮੀਤ ਸਿੰਘ ਸੰਧੂ ਉੱਤੇ ਹੈ। ਸਿਆਸਤ ਵਿੱਚ ਲੰਬੀ ਪਾਰੀ ਖੇਡ ਚੁੱਕੇ ਹਰਮੀਤ ਸਿੰਘ ਸੰਧੂ ਸ਼੍ਰੋਮਣੀ ਅਕਾਲੀ ਦਲ ਤੋਂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਸਨ । ਸੰਧੂ ਨੇ 2022 ਦੀ ਵਿਧਾਨ ਸਭਾ ਚੋਣ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਤੋਂ ਤਰਨਤਾਰਨ ਹਲਕੇ ਤੋਂ ਲੜੀ ਸੀ । ਪਰ ਉਹ ‘ਆਪ’ ਉਮੀਦਵਾਰ ਡਾਕਟਰ ਕਸ਼ਮੀਰ ਸਿੰਘ ਸੋਹਲ ਤੋਂ ਹਾਰ ਗਏ ਸਨ। ਕਾਂਗਰਸ ਦੇ ਕਰਨਬੀਰ ਸਿੰਘ ਬੁਰਜ, ਸ਼੍ਰੋਮਣੀ ਅਕਾਲੀ ਦਲ ਤਰਫੋਂ ਸੁਖਵਿੰਦਰ ਕੌਰ ਰੰਧਾਵਾ ਅਤੇ ਭਾਜਪਾ ਵੱਲੋਂ ਹਰਜੀਤ ਸਿੰਘ ਸੰਧੂ, ਜਦੋਂਕਿ ਮਨਦੀਪ ਸਿੰਘ ਖਾਲਸਾ ਆਜ਼ਾਦ ਉਮੀਦਵਾਰ ਵਜੋਂ ਆਪਣੀ ਕਿਸਮਤ ਅਜਮਾ ਰਹੇ ਹਨ ।

ਹੁਣ ਵੇਖਣਾ ਹੋਵੇਗਾ ਕਿ ਤਰਨਤਾਰਨ ਹਲਕਾ ਨਵਾਂ ਜਰਨੈਲ ਚੁਣੇਗਾ ਜਾਂ ਆਮ ਆਦਮੀ ਪਾਰਟੀ ਆਪਣੀ ਪਕੜ ਕਾਇਮ ਰੱਖਣ ਵਿੱਚ ਕਾਮਯਾਬ ਰਹੇਗੀ । ਚੋਣ ਨਤੀਜੇ ਨਾ ਸਿਰਫ਼ ਇੱਕ ਹਲਕੇ ਦਾ ਫੈਸਲਾ ਕਰਨਗੇ, ਸਗੋਂ ਪੰਜਾਬ ਦੀ ਬਦਲ ਰਹੀ ਸਿਆਸੀ ਹਵਾ ਦਾ ਰੁਖ਼ ਵੀ ਸਾਫ ਕਰਨਗੇ ।