ਪੰਜਾਬ ਦੀ ਸਿਆਸਤ ਵਿੱਚ ਇਸ ਸਮੇਂ SSP ਪਟਿਆਲਾ ਦੀ ਕਥਿਤ Viral Audio ਨੂੰ ਲੈ ਕੇ ਸਿਆਸਤ ਭਖੀ ਹੋਈ ਹੈ। ਦਾਅਵਾ ਕੀਤਾ ਗਿਆ ਕਿ ਐਸਐਸਪੀ ਪੁਲਿਸ ਅਧਿਕਾਰੀਆਂ ਨੂੰ ਅਕਾਲੀ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੋਕਣ ਲਈ ਕਹਿ ਰਹੇ ਹਨ। ਕਥਿਤ ਆਡੀਓ ਵਿੱਚ ਕਿਹਾ ਗਿਆ ਕਿ ਉਮੀਦਵਾਰਾਂ ਦੇ ਕਾਗਜ਼ ਖੋਹਣ, ਪਾੜਨ ਜਾਂ ਧੱਕੇਸ਼ਾਹੀ ਦਾ ਕੰਮ ਨਾਮਜ਼ਦਗੀ ਕੇਂਦਰਾਂ ਦੇ ਅੰਦਰ ਨਹੀਂ, ਸਗੋਂ ਉਨ੍ਹਾਂ ਦੇ ਘਰ, ਪਿੰਡ ਜਾਂ ਰਸਤੇ ਵਿੱਚ ਕੀਤਾ ਜਾਵੇ। ਇਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਲਗਾਤਾਰ ਕਾਰਵਾਈ ਦੀ ਮੰਗ ਕਰ ਰਿਹਾ ਹੈ।
ਇਸੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਬਿਆਨ ਵੀ ਸਾਹਮਣੇ ਆਇਆ ਹੈ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਐਸ.ਐਸ.ਪੀ. ਪਟਿਆਲਾ ਦਾ ਛੁੱਟੀ ਜਾਣਾ ਇਹ ਸਾਫ਼ ਕਰਦਾ ਹੈ ਕਿ ਆਡੀਓ AI ਨਾਲ ਨਹੀਂ ਬਣੀ।
ਉਨ੍ਹਾਂ ਨੇ ਕਿਹਾ ਕਿ ਅਸੀਂ ਇਸ ਮਾਮਲੇ ਵਿੱਚ ਮਾਨਯੋਗ ਕੋਰਟ ਵਿੱਚ ਹਰ ਲੜਾਈ ਲੜਾਂਗੇ ਤੇ ਲੋਕਤੰਤਰ ਦੇ ਕਾਤਲ ਅਫ਼ਸਰਾਂ ਨੂੰ ਸਜ਼ਾ ਕਰਾਵਾਂਗੇ। ਕਾਂਗਰਸ ਪਾਰਟੀ ਨੇ ਹਮੇਸ਼ਾਂ ਦੇਸ਼ ਤੇ ਪੰਜਾਬ ਨੂੰ ਲੁੱਟਿਆ ਹੈ, ਕਾਂਗਰਸ ਦੇ ਮੁੱਖ ਮੰਤਰੀਆਂ ਨੇ ਪੰਜਾਬ ਦਾ ਵਿਕਾਸ ਨਹੀਂ, ਸਿਰਫ ਭ੍ਰਿਸ਼ਟਾਚਾਰ ਕੀਤਾ ਹੈ। ਪੰਜਾਬੀਆਂ ਨੂੰ ਅਪੀਲ ਕਰਦਾ ਹਾਂ ਕਿ ਆਪਣੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਾਂ ਸਾਥ ਦਿਓ ਤਾਂ ਜੋ ਪੰਜਾਬ ਨੂੰ ਮੁੜ ਖੁਸ਼ਹਾਲ ਬਣਾ ਸਕੀਏ।
ਇਸ ਮਾਮਲੇ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪਟਿਆਲਾ ਪੁਲਿਸ ਦੀ ਕਥਿਤ ਵਾਇਰਲ ਆਡੀਓ ਰਿਕਾਰਡਿੰਗ ਮਾਮਲੇ ਵਿੱਚ ਅੱਜ ਇੱਕ ਬੇਹੱਦ ਅਹਿਮ ਹੁਕਮ ਜਾਰੀ ਕੀਤਾ ਹੈ। ਅਦਾਲਤ ਨੇ ਨਿਰਦੇਸ਼ ਦਿੱਤਾ ਹੈ ਕਿ ਇਸ ਵਿਵਾਦਿਤ ਆਡੀਓ ਦੀ ਸੱਚਾਈ ਦੀ ਜਾਂਚ ਚੰਡੀਗੜ੍ਹ ਦੀ ਫੋਰੈਂਸਿਕ ਸਾਈਂਸ ਲੈਬਾਰਟਰੀ ਤੋਂ ਕਰਵਾਈ ਜਾਵੇ। ਇਹ ਹੁਕਮ ਅਕਾਲੀ ਦਲ ਦੁਆਰਾ ਪੁਲਿਸ ਦੀ ਉਸ ਦਲੀਲ 'ਤੇ ਸਵਾਲ ਚੁੱਕਣ ਤੋਂ ਬਾਅਦ ਆਇਆ ਹੈ, ਜਿਸ ਵਿੱਚ ਪੁਲਿਸ ਨੇ ਬਿਨਾਂ ਕਿਸੇ ਠੋਸ ਜਾਂਚ ਦੇ ਆਡੀਓ ਨੂੰ Fake ਕਰਾਰ ਦੇ ਦਿੱਤਾ ਸੀ।