ਅੰਮ੍ਰਿਤਸਰ: ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਪੰਜ ਸਿੰਘ ਸਾਹਿਬਾਨਾਂ ਵੱਲੋਂ ਇੱਕ ਅਹਿਮ ਇਕੱਤਰਤਾ ਕੀਤੀ ਗਈ, ਜਿਸ ਦੌਰਾਨ ਕਈ ਪੰਥਕ ਮੁੱਦਿਆਂ 'ਤੇ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਕਈ ਮਤੇ ਪਾਸ ਕੀਤੇ ਗਏ। ਇਸ ਮੀਟਿੰਗ ਤੋਂ ਬਾਅਦ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਦੱਸਿਆ ਕਿ ਸੰਗਤ ਵੱਲੋਂ ਮਿਲੀਆਂ ਸ਼ਿਕਾਇਤਾਂ ਤੋਂ ਬਾਅਦ ਇਹ ਹੁਕਮ ਮੁੜ ਤੋਂ ਜਾਰੀ ਕੀਤਾ ਗਿਆ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਸਰੂਪ ਨੂੰ ਮੈਰਿਜ ਪੈਲੇਸਾਂ, ਬੀਚਾਂ ਕਿਨਾਰੇ, ਰਿਜ਼ੋਰਟਾਂ ’ਚ ਨਹੀਂ ਲਿਜਾਇਆ ਜਾ ਸਕਦਾ ਅਤੇ ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ, ਸਰੂਪ ਦੇਣ ਵਾਲਿਆਂ ਅਤੇ ਅਜਿਹੀਆਂ ਥਾਵਾਂ ’ਤੇ ਅਨੰਦ ਕਾਰਜ ਕਰਨ ਵਾਲੇ ਰਾਗੀ ਜਥਿਆਂ, ਰਿਜ਼ੋਰਟ ਮਾਲਕਾਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਇਸ ਤੋਂ ਇਲਾਵਾ ਜਥੇਦਾਰ ਗੜਗੱਜ ਨੇ ਕਿਹਾ ਕਿ ਮੀਟਿੰਗ ’ਚ ਇਹ ਵੀ ਫੈਸਲਾ ਕੀਤਾ ਗਿਆ ਹੈ ਕਿ ਗੁਰੂ ਸਾਹਿਬਾਨ, ਸ਼ਹੀਦ ਯੋਧਿਆਂ 'ਤੇ AI ਜਾਂ ਐਨੀਮੇਸ਼ਨ ਫਿਲਮਾਂ ਬਣਾਉਣ 'ਤੇ ਪੂਰਨ ਪਾਬੰਦੀ ਲਗਾਈ ਜਾਵੇ ਅਤੇ ਇਸ ਸਬੰਧੀ ਸ਼੍ਰੋਮਣੀ ਕਮੇਟੀ ਵੱਲੋਂ ਦੇਸ਼ ਦੇ ਵੱਡੇ ਫਿਲਮ ਨਿਰਮਾਤਾਵਾਂ ਅਤੇ ਫਿਲਮ ਘਰਾਂਨਿਆਂ ਨੂੰ ਪੱਤਰ ਲਿਖੇ ਜਾਣਗੇ। ਜਥੇਦਾਰ ਨੇ AI ਸਬੰਧੀ ਠੋਸ ਨੀਤੀਆਂ ਬਣਾਉਣ ਦੀ ਲੋੜ 'ਤੇ ਜ਼ੋਰ ਦਿੱਤਾ।
328 ਪਵਿੱਤਰ ਸਰੂਪਾਂ 'ਤੇ ਬੋਲਦਿਆਂ ਜਥੇਦਾਰ ਨੇ ਕਿਹਾ ਕਿ 328 ਸਰੂਪ ਮਾਮਲੇ ’ਚ ਦੋਸ਼ੀ ਸ਼੍ਰੋਮਣੀ ਕਮੇਟੀ ਮੈਂਬਰ ਪਹਿਲਾਂ ਹੀ ਬਰਖਾਸਤ ਕੀਤੇ ਜਾ ਚੁੱਕੇ ਹਨ। ਸਰਕਾਰ ਵੱਲੋਂ SIT ਦੇ ਗਠਨ ਨੂੰ ਗਲਤ ਦੱਸਦਿਆਂ ਜਥੇਦਾਰ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਸਿੱਖਾਂ ਦੀ ਇੱਕ ਪੰਥਕ ਅਤੇ ਸੰਵਿਧਾਨਕ ਸੰਸਥਾ ਹੈ ਅਤੇ ਸ਼੍ਰੋਮਣੀ ਕਮੇਟੀ ਖੁਦ ਸਿੱਖਾਂ ਦੇ ਮਸਲਿਆਂ ਦਾ ਹੱਲ ਕਰ ਸਕਦੀ ਹੈ, ਇਸ ਲਈ ਸਰਕਾਰ ਨੂੰ ਸਿੱਖਾਂ ਦੇ ਪੰਥਕ ਮਸਲਿਆਂ ’ਚ ਦਖਲ ਨਹੀਂ ਦੇਣਾ ਚਾਹੀਦਾ, ਇਸ ਦੇ ਨਾਲ ਹੀ ਜਥੇਦਾਰ ਨੇ ਕਿਹਾ ਕਿ ਜੇਕਰ ਸਰਕਾਰ ਦਖਲ ਦੇਣਾ ਬੰਦ ਨਹੀਂ ਕਰਦੀ ਤਾਂ ਪੰਥਕ ਰਵਾਇਤਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ।