ਪੰਜਾਬ ਦੇ ਸਮਰਾਲਾ ਵਿੱਚ ਚੰਡੀਗੜ੍ਹ-ਲੁਧਿਆਣਾ ਬਾਈਪਾਸ 'ਤੇ ਇੱਕ ਵੱਡਾ ਹਾਦਸਾ ਵਾਪਰਿਆ। ਭਰਥਲਾ ਰੋਡ ਨੇੜੇ ਇੱਕ ਕਾਰ ਅਤੇ ਬੱਸ ਦੀ ਭਿਆਨਕ ਟੱਕਰ ਹੋ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਕਾਰ ਸਵਾਰ ਮੌਕੇ ਤੋਂ ਭੱਜ ਗਏ।
ਜਾਣਕਾਰੀ ਮੁਤਾਬਕ ਕਾਰ ਵਿੱਚ ਦੇਸੀ ਸ਼ਰਾਬ ਦੀਆਂ ਬੋਤਲਾਂ ਭਰੀਆਂ ਮਿਲੀਆਂ। ਹਾਲਾਂਕਿ, ਕਾਰ ਵਿੱਚ ਸ਼ਰਾਬ ਦੀ ਸਹੀ ਮਾਤਰਾ ਅਜੇ ਸਪੱਸ਼ਟ ਨਹੀਂ ਹੈ। ਪੁਲਿਸ ਨੇ ਕਾਰ ਵਿੱਚ ਮੌਜੂਦ ਸਮਾਨ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਫਰਾਰ ਸਵਾਰਾਂ ਦੀ ਭਾਲ ਕੀਤੀ ਜਾ ਰਹੀ ਹੈ।
ਹਾਦਸੇ ਚ 2 ਮੋਟਰਸਾਈਕਲ ਸਵਾਰ ਵੀ ਸ਼ਾਮਲ ਸਨ। ਰਾਹਗੀਰਾਂ ਨੇ ਤੁਰੰਤ ਉਨ੍ਹਾਂ ਨੂੰ ਚੁੱਕਿਆ ਤੇ ਉਨ੍ਹਾਂ ਨੂੰ ਨੇੜਲੇ ਹਸਪਤਾਲ ਪਹੁੰਚਾਇਆ।
ਘੱਟ ਵਿਜ਼ੀਬਲਿਟੀ ਕਾਰਨ ਵਧੇ ਹਾਦਸੇ
ਸਮਰਾਲਾ ਦੇ ਐਸਐਚਓ ਹਰਵਿੰਦਰ ਸਿੰਘ ਨੇ ਦੱਸਿਆ ਕਿ ਇਲਾਕੇ ਵਿੱਚ ਸੰਘਣੀ ਧੁੰਦ ਕਾਰਨ ਵਿਜ਼ੀਬਲਿਟੀ ਬਹੁਤ ਘੱਟ ਹੈ, ਜਿਸ ਕਾਰਨ ਸੜਕ ਹਾਦਸਿਆਂ ਦਾ ਖ਼ਤਰਾ ਕਾਫ਼ੀ ਵੱਧ ਗਿਆ ਹੈ। ਐਸਐਚਓ ਨੇ ਲੋਕਾਂ ਨੂੰ ਧੁੰਦ ਵਿੱਚ ਹੌਲੀ ਗੱਡੀ ਚਲਾਉਣ ਅਤੇ ਹੈੱਡਲਾਈਟਾਂ ਅਤੇ ਫੋਗ ਲੈਂਪਾਂ ਦੀ ਵਰਤੋਂ ਕਰਨ ਦੀ ਅਪੀਲ ਕੀਤੀ ਹੈ। ਪੁਲਿਸ ਨੇ ਕਰੇਨ ਦੀ ਮਦਦ ਨਾਲ ਬੱਸ ਅਤੇ ਕਾਰ ਦੋਵਾਂ ਨੂੰ ਸੜਕ ਦੇ ਕਿਨਾਰੇ ਹਟਾ ਦਿੱਤਾ ਹੈ ਤਾਂ ਜੋ ਆਵਾਜਾਈ ਨੂੰ ਬਹਾਲ ਕੀਤਾ ਜਾ ਸਕੇ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।