ਫਿਰੋਜ਼ਪੁਰ ਵਿੱਚ ਆਰਐਸਐਸ ਨੇਤਾ ਨਵੀਨ ਅਰੋੜਾ ਦੇ ਕਾਤਿਲ ਨੂੰ ਫਾਜ਼ਿਲਕਾ ਵਿੱਚ ਮੁਕਾਬਲੇ ਦੌਰਾਨ ਢੇਰ ਕਰ ਦਿੱਤਾ ਗਿਆ ਹੈ । ਇਸ ਘਟਨਾ ਵਿੱਚ ਇੱਕ ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋ ਗਿਆ । ਅੱਜ ਸਵੇਰੇ ਫਾਜ਼ਿਲਕਾ-ਫਿਰੋਜ਼ਪੁਰ ਰੋਡ 'ਤੇ ਮਾਹਮੂ ਜੋਈਆ ਟੋਲ ਪਲਾਜ਼ਾ ਨੇੜੇ ਮੁਕਾਬਲੇ ਵਿੱਚ ਕਥਿਤ ਮੁੱਖ ਨਿਸ਼ਾਨੇਬਾਜ਼ ਬਾਦਲ ਨੂੰ ਢੇਰ ਕੀਤਾ ਗਿਆ ਹੈ।
ਪੁਲਿਸ ਮੁਲਜ਼ਮ ਨੂੰ ਹਥਿਆਰ ਬਰਾਮਦ ਕਰਨ ਲਈ ਫਾਜ਼ਿਲਕਾ ਲੈ ਕੇ ਆਈ ਸੀ, ਜਿੱਥੇ ਉਸਦੇ ਸਾਥੀਆਂ ਨੇ ਪੁਲਿਸ ਟੀਮ 'ਤੇ ਗੋਲੀਆਂ ਚਲਾ ਦਿੱਤੀਆਂ । ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ ਉਸਨੂੰ ਛੁਡਾਉਣ ਲਈ ਆਏ ਸੀ । ਵਾਰਦਾਤ ਤੋਂ ਬਾਅਦ ਫਾਇਰਿੰਗ ਕਰਨ ਵਾਲੇ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ । ਜ਼ਖਮੀ ਪੁਲਿਸ ਮੁਲਾਜ਼ਮ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ ।
ਵਾਰਦਾਤ ਨੂੰ ਲੈ ਕੇ ਡੀਆਈਜੀ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਮੁਕਾਬਲੇ ਵਿੱਚ ਬਾਦਲ ਨਾਂਅ ਦਾ ਇੱਕ ਸ਼ੂਟਰ ਮਾਰਿਆ ਗਿਆ । ਇਹ ਮੁਕਾਬਲਾ ਉਦੋਂ ਹੋਇਆ ਜਦੋਂ ਫਿਰੋਜ਼ਪੁਰ ਤੋਂ ਡੀਐਸਪੀ ਸਿਟੀ ਅਤੇ ਡੀਐਸਪੀ ਡਿਟੈਕਟਿਵ ਤੋਂ ਇਲਾਵਾ ਸੀਆਈਏ ਇੰਸਪੈਕਟਰ ਦੀ ਅਗਵਾਈ ਵਿੱਚ ਪੁਲਿਸ ਟੀਮ ਰਿਕਵਰੀ ਲਈ ਸ਼ਮਸ਼ਾਨਘਾਟ ਵਿੱਚ ਪਹੁੰਚੀ । ਤਾਂ ਉਸਦੇ ਸਾਥੀਆਂ ਨੇ ਪੁਲਿਸ ‘ਤੇ ਫਾਇਰਿੰਗ ਕਰ ਦਿੱਤੀ । ਤਾਂ ਪੁਲਿਸ ਦੀ ਜਵਾਬੀ ਕਾਰਵਾਈ ਦੌਰਾਨ ਬਾਦਲ ਸ਼ੂਟਰ ਦੀ ਮੌਤ ਹੋ ਗਈ ਜਦੋਂਕਿ ਉਸਦੇ ਸਾਥੀ ਭੱਜਣ ਵਿੱਚ ਕਾਮਯਾਬ ਹੋ ਗਏ । ਇਹ ਮਾਮਲਾ ਫਿਰੋਜ਼ਪੁਰ ਸ਼ਹਿਰ ਵਿੱਚ 15 ਨਵੰਬਰ ਨੂੰ ਕਤਲ ਕੀਤੇ ਗਏ ਆਰਐਸਐਸ ਨੇਤਾ ਨਵੀਨ ਦੇ ਕਤਲ ਨਾਲ ਸਬੰਧਤ ਹੈ ।
ਦੱਸ ਦਈਏ ਕਿ 15 ਨਵੰਬਰ ਨੂੰ ਫਿਰੋਜ਼ਪੁਰ ਵਿੱਚ ਆਰਐਸਐਸ ਨੇਤਾ ਨਵੀਨ ਦਾ ਕਤਲ ਕਰ ਦਿੱਤਾ ਗਿਆ ਸੀ । ਬਦਮਾਸ਼ਾਂ ਨੇ ਉਸਨੂੰ ਬਾਜ਼ਾਰ ਵਿੱਚ ਸ਼ਰੇਆਮ ਗੋਲੀ ਮਾਰ ਦਿੱਤੀ ਸੀ । ਜਿਸ ਤੋਂ ਬਾਅਦ ਪੁਲਿਸ ਨੇ ਇਸ ਮਾਮਲੇ ਵਿੱਚ ਬਾਦਲ ਅਤੇ ਕਨਵ ਨੂੰ ਗ੍ਰਿਫਤਾਰ ਕੀਤਾ ਸੀ । ਕਨਵ ਦੇ ਨਾਲ ਵੀ ਪੁਲਿਸ ਦੀ ਮੁਠਭੇੜ ਹੋਈ ਸੀ ।
ਪੁਲਿਸ ਦੀ ਗ੍ਰਿਫ਼ਤਾਰੀ ਤੋਂ ਬਾਅਦ ਇਹ ਖੁਲਾਸਾ ਹੋਇਆ ਕਿ ਕਤਲ ਲਈ ਉਨ੍ਹਾਂ ਨੂੰ 1-1 ਲੱਖ ਰੁਪਏ ਦੀ ਪੇਸ਼ਕਸ਼ ਕੀਤੀ ਗਈ ਸੀ । ਖਾਲਿਸਤਾਨੀ ਸੰਗਠਨ ਸ਼ੇਰ-ਏ-ਪੰਜਾਬ ਬ੍ਰਿਗੇਡ ਨੇ ਕਤਲੇਆਮ ਦੀ ਜ਼ਿੰਮੇਵਾਰੀ ਲਈ ਸੀ ।