ਲੁਧਿਆਣਾ ਦੇ ਬੱਸ ਸਟੈਂਡ ਸਾਹਮਣੇ ਇੱਕ ਤੇਜ਼ ਰਫ਼ਤਾਰ ਬੱਸ ਨੇ ਕਹਿਰ ਮਚਾ ਦਿੱਤਾ, ਜਿਸ ਦੌਰਾਨ ਬੱਸ ਬੇਕਾਬੂ ਹੋ ਕੇ ਰਾਹਗੀਰਾਂ ਉੱਤੇ ਚੜ੍ਹ ਗਈ। ਇਹ ਹਾਦਸਾ ਇੰਨਾ ਜ਼ਿਆਦਾ ਭਿਆਨਕ ਸੀ ਕਿ ਹਾਦਸੇ ਵਿੱਚ ਅੱਧੇ ਦਰਜਨਾਂ ਤੋਂ ਵੱਧ ਲੋਕਾਂ ਦੇ ਲਪੇਟ ਵਿੱਚ ਆਉਣ ਨਾਲ ਜ਼ਖ਼ਮੀ ਹੋਣ ਦੀ ਖ਼ਬਰ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਹਾਦਸਾ ਅੱਜ ਵੀਰਵਾਰ ਨੂੰ ਦੁਪਹਿਰ 2 ਵਜੇ ਦੇ ਕਰੀਬ ਵਾਪਰਿਆਂ।
ਇਹ ਨਿੱਜੀ ਕੰਪਨੀ ਦੀ ਬੱਸ ਮੋਹਾਲੀ ਤੋਂ ਲੁਧਿਆਣਾ ਦੇ ਬੱਸ ਸਟੈਂਡ ਵਿੱਚ ਆ ਰਹੀ ਸੀ, ਇਹ ਵੀ ਦੱਸਿਆ ਜਾ ਰਿਹਾ ਹੈ ਕਿ ਬੱਸ ਦੀ ਬੱਸ ਸਟੈਂਡ ਕੋਲ ਆ ਕੇ ਪਾਈਪ ਫਟ ਗਈ, ਜਿਸ ਕਰਕੇ ਬੱਸ ਕੰਟਰੋਲ ਤੋਂ ਬਾਹਰ ਹੋ ਗਈ। ਜਿਸ ਤੋਂ ਬਾਅਦ ਬੱਸ ਨੇ ਬਜ਼ਾਰ ਦੇ ਰਾਹਗੀਰਾਂ ਨੂੰ ਆਪਣਾ ਨਿਸ਼ਾਨਾ ਬਣਾ ਕੇ ਡਿਵਾਈਡਰ ਨਾਲ ਜਾ ਟਕਰਾਈ। ਫਿਲਹਾਲ ਇਸ ਹਾਦਸੇ ਵਿੱਚ ਕਿਸੇ ਦੇ ਜਾਨੀ ਨੁਕਸਾਨ ਦੀ ਕੋਈ ਵੀ ਖ਼ਬਰ ਨਹੀਂ ਹੈ। ਪਰ ਖੁਸ਼ਕਿਸਮਤੀ ਰਹੀਂ ਸੜਕ ਦੇ ਕਿਨਾਰੇ ਇੱਕ ਥੜ੍ਹੇ ਬੱਸ ਦੀ ਰਫ਼ਤਾਰ ਨੂੰ ਘਟਾ ਦਿੱਤਾ ਸੀ, ਜਿਸ ਕਰਕੇ ਵੱਡਾ ਹਾਦਸਾ ਹੋਣ ਤੋਂ ਟਲ ਗਿਆ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਲੁਧਿਆਣਾ ਪੁਲਿਸ ਵੀ ਮੌਕੇ 'ਤੇ ਪਹੁੰਚੀ, ਪੁਲਿਸ ਨੇ ਮੌਕੇ ਘਟਨਾ ਦਾ ਜਾਇਜ਼ਾ ਲਿਆ ਅਤੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ। ਫਿਲਹਾਲ ਪੁਲਿਸ ਨੇ ਇਸ ਮਾਮਲੇ ਵਿਚ ਕੋਈ ਵੀ ਆਪਣਾ ਬਿਆਨ ਨਹੀਂ ਦਿੱਤਾ ਹੈ। ਜ਼ਖ਼ਮੀਆਂ ਨੂੰ ਇਲਾਜ ਲਈ ਵੱਖ-ਵੱਖ ਹਸਪਤਾਲਾਂ ਵਿੱਚ ਭੇਜਿਆ ਗਿਆ, ਜਿਸ ਦਾ ਇਲਾਜ ਚੱਲ ਰਿਹਾ ਹੈ।