ਪੰਜਾਬ ਵਿੱਚ ਸਰਦੀਆਂ ਦੀਆਂ ਛੁੱਟੀਆਂ ਤੋਂ ਬਾਅਦ ਅੱਜ ਤੋਂ ਸਕੂਲ ਮੁੜ ਖੁੱਲ੍ਹ ਗਏ ਹਨ, ਪਰ ਮੌਸਮ ਨੇ ਲੋਕਾਂ ਦੀ ਚਿੰਤਾ ਵਧਾ ਦਿੱਤੀ ਹੈ। ਸਵੇਰੇ ਤੋਂ ਹੀ ਸੂਬੇ ਦੇ ਕਈ ਹਿੱਸਿਆਂ ਵਿੱਚ ਸੰਘਣੀ ਧੁੰਦ ਛਾਈ ਰਹੀ, ਜਿਸ ਕਾਰਨ ਵਿਜ਼ੀਬਿਲਟੀ ਕਾਫੀ ਘੱਟ ਦਰਜ ਕੀਤੀ ਗਈ। ਧੁੰਦ ਅਤੇ ਠੰਢ ਦੇ ਵਿਚਕਾਰ ਸਕੂਲ ਜਾਣ ਵਾਲੇ ਬੱਚੇ ਸਭ ਤੋਂ ਜ਼ਿਆਦਾ ਪ੍ਰਭਾਵਿਤ ਨਜ਼ਰ ਆਏ।
ਸਵੇਰੇ-ਸਵੇਰੇ ਸਕੂਲ ਜਾਣ ਲਈ ਨਿਕਲੇ ਬੱਚੇ ਗਰਮ ਕੱਪੜਿਆਂ, ਜੈਕਟਾਂ, ਮਫਲਰਾਂ ਅਤੇ ਟੋਪੀਆਂ ਨਾਲ ਲਪੇਟੇ ਹੋਏ ਦਿਖਾਈ ਦਿੱਤੇ। ਹਾਲਾਂਕਿ ਸਕੂਲ ਪ੍ਰਸ਼ਾਸਨ ਵੱਲੋਂ ਬੱਚਿਆਂ ਦੀ ਸੁਰੱਖਿਆ ਲਈ ਪੂਰੇ ਇੰਤਜ਼ਾਮ ਕੀਤੇ ਗਏ ਸਨ, ਪਰ ਮਾਪਿਆਂ ਦੀ ਚਿੰਤਾ ਘਟਣ ਦਾ ਨਾਮ ਨਹੀਂ ਲੈ ਰਹੀ। ਕਈ ਮਾਪਿਆਂ ਨੇ ਧੁੰਦ ਕਾਰਨ ਸੜਕਾਂ ਉੱਤੇ ਵਧੇ ਖਤਰੇ ਨੂੰ ਲੈ ਕੇ ਫਿਕਰ ਜਤਾਈ ਹੈ।
ਸੰਘਣੀ ਧੁੰਦ ਦਾ ਅਸਰ ਟ੍ਰੈਫਿਕ ਉੱਤੇ ਵੀ ਸਾਫ਼ ਨਜ਼ਰ ਆਇਆ। ਸੜਕਾਂ ਉੱਤੇ ਵਾਹਨਾਂ ਦੀ ਗਤੀ ਹੌਲੀ ਰਹੀ, ਜਿਸ ਕਾਰਨ ਸਕੂਲ ਵੈਨਾਂ ਅਤੇ ਬੱਸਾਂ ਨੂੰ ਸਮੇਂ ‘ਤੇ ਸਕੂਲ ਪਹੁੰਚਣ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਕੁਝ ਥਾਵਾਂ ‘ਤੇ ਟ੍ਰੈਫਿਕ ਜਾਮ ਦੀ ਸਥਿਤੀ ਵੀ ਬਣੀ ਰਹੀ, ਜਿਸ ਨਾਲ ਆਮ ਲੋਕਾਂ ਨੂੰ ਵੀ ਦਿੱਕਤ ਆਈ।
ਡਾਕਟਰਾਂ ਵੱਲੋਂ ਮਾਪਿਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਬੱਚਿਆਂ ਨੂੰ ਪੂਰੇ ਗਰਮ ਕੱਪੜੇ ਪਹਿਨਾਏ ਜਾਣ ਤੇ ਠੰਢ ਤੋਂ ਬਚਾਅ ਲਈ ਲੋੜੀਂਦੀਆਂ ਸਾਵਧਾਨੀਆਂ ਅਪਣਾਈਆਂ ਜਾਣ। ਉਨ੍ਹਾਂ ਨੇ ਸਵੇਰੇ ਦੇ ਸਮੇਂ ਬੱਚਿਆਂ ਨੂੰ ਗਰਮ ਪੇਅ ਪਦਾਰਥ ਦੇਣ ਅਤੇ ਬਿਮਾਰੀ ਦੇ ਲੱਛਣ ਨਜ਼ਰ ਆਉਣ ‘ਤੇ ਤੁਰੰਤ ਡਾਕਟਰੀ ਸਲਾਹ ਲੈਣ ਦੀ ਅਪੀਲ ਕੀਤੀ ਹੈ।
ਮੌਸਮ ਵਿਭਾਗ ਦੇ ਮੁਤਾਬਕ ਆਉਣ ਵਾਲੇ ਕੁਝ ਦਿਨਾਂ ਤੱਕ ਧੁੰਦ ਅਤੇ ਠੰਢ ਜਾਰੀ ਰਹਿਣ ਦੀ ਸੰਭਾਵਨਾ ਹੈ। ਇਸ ਲਈ ਲੋਕਾਂ ਨੂੰ ਸਾਵਧਾਨ ਰਹਿਣ ਅਤੇ ਬਿਨਾਂ ਲੋੜ ਘਰੋਂ ਬਾਹਰ ਨਾ ਨਿਕਲਣ ਦੀ ਸਲਾਹ ਦਿੱਤੀ ਗਈ ਹੈ।