ਮੋਗਾ ਦੇ ਪਿੰਡ ਭਿੰਡਰ ਖੁਰਦ ‘ਚ ਤੜਕਸਾਰ ਕੁੱਝ ਅਣਪਛਾਤੇ ਹਮਲਾਵਰਾਂ ਵੱਲੋਂ ਇੱਕ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਪੂਰੇ ਇਲਾਕੇ ‘ਚ ਸਹਿਮ ਦਾ ਮਾਹੌਲ ਬਣ ਗਿਆ ਹੈ।
ਮਿਲੀ ਜਾਣਕਾਰੀ ਮੁਤਾਬਕ ਤੜਕਸਾਰ ਸੱਤ ਵਜੇ ਦੇ ਕਰੀਬ ਨੌਜਵਾਨ ਆਪਣੇ ਡਿਊਟੀ ਉੱਤੇ ਜਾਣ ਲਈ ਆਪਣੀ ਕਾਰ ਉੱਤੇ ਘਰ ਤੋਂ ਨਿਕਲਿਆ ਤਾਂ ਇੱਕ ਕਾਲੇ ਰੰਗ ਦੀ ਕਾਰ, ਜਿਸ ਵਿੱਚ ਪੰਜ ਹਮਲਵਾਰ ਸਵਾਰ ਸਨ, ਨੇ ਅੰਨ੍ਹੇਵਾਹ ਉਸ ਦੀ ਕਾਰ ਉੱਤੇ ਫਾਇਰਿੰਗ ਕਰ ਦਿੱਤੀ ਅਤੇ ਫਰਾਰ ਹੋ ਗਏ।
ਦੱਸ ਦਈਏ ਕਿ ਮ੍ਰਿਤਕ ਨੌਜਵਾਨ ਦੀ ਪਛਾਣ ਉਮਰਸੀਰ ਸਿੰਘ ਸੀਰਾ ਵਾਸੀ ਭਿੰਡਰਕਲਾ ਖੁਰਦ ਵਜੋਂ ਹੋਈ ਹੈ। ਨੌਜਵਾਨ ਉਮਰਸੀਰ ਤੜਕਸਾਰ ਨੈਸਲੇ ਡੇਅਰੀ ‘ਚ ਡਿਊਟੀ ਕਰਨ ਦੇ ਲਈ ਜਾ ਰਿਹਾ ਸੀ ਕਿ ਜਦੋਂ ਉਹ ਪਿੰਡ ਦੀ ਫਿਰਨੀ ‘ਤੇ ਪਹੁੰਚਿਆ ਤਾਂ ਗੱਡੀ ਸਵਾਰ ਵੱਲੋਂ ਉਸ ’ਤੇ 20 ਤੋਂ 25 ਫਾਇਰ ਕੀਤੇ ਗਏ ਜਿਸ ਕਾਰਨ ਉਸਦੀ ਮੌਕੇ ‘ਤੇ ਮੌਤ ਹੋ ਗਈ।
ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਬਲਾਕ ਸੰਮਤੀ ਚੋਣਾਂ ਦੀ ਰੰਜਿਸ਼ ਕਾਰਨ ਉਮਰਸੀਰ ਸਿੰਘ ਦੀ ਹੱਤਿਆ ਕੀਤੀ ਗਈ ਹੈ। ਮ੍ਰਿਤਕ ਦੇ ਭਰਾ ਨੇ ਦੋਸ਼ ਲਗਾਉਂਦਿਆਂ ਕਿਹਾ ਕਿ ਉਸਦੇ ਭਰਾ ‘ਤੇ ਸੁਚੱਜੇ ਢੰਗ ਨਾਲ ਯੋਜਨਾ ਬਣਾਕੇ ਹਮਲਾ ਕੀਤਾ ਗਿਆ। ਉਸਦਾ ਦਾਅਵਾ ਹੈ ਕਿ ਪਿੰਡ ਦੇ ਮੌਜੂਦਾ ਸਰਪੰਚ ਨੂੰ ਇਸ ਘਟਨਾ ਬਾਰੇ ਜਾਣਕਾਰੀ ਸੀ ਅਤੇ ਰਾਜਨੀਤਿਕ ਰੰਜਿਸ਼ ਦੇ ਚਲਦੇ ਹੀ ਉਸਦੇ ਭਰਾ ਦੀ ਹੱਤਿਆ ਕਰਵਾਈ ਗਈ ਹੈ। ਪਰਿਵਾਰ ਵਾਲਿਆਂ ਦਾ ਰੋ-ਰੋ ਬੁਰਾ ਹਾਲ ਹੋ ਗਿਆ ਹੈ।