ਸੀਤ ਲਹਿਰ ਦਾ ਪ੍ਰਕੋਪ ਪੰਜਾਬ ਸਣੇ ਪੂਰੇ ਉੱਤਰ ਭਾਰਤ ਵਿੱਚ ਤੇਜ਼ੀ ਦੇ ਨਾਲ ਵਧ ਰਿਹਾ ਹੈ। ਮੌਸਮ ਵਿਭਾਗ ਵੱਲੋਂ ਵੀ ਸਪੱਸ਼ਟ ਕਰ ਦਿੱਤਾ ਗਿਆ ਹੈ ਕਿ ਫਿਲਹਾਲ ਦੇ ਦਿਨਾਂ ਵਿੱਚ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ ਇਸ ਲਈ ਸੁੱਕੀ ਠੰਡ ਹੋਰ ਵਧੇਗੀ। ਅਜਿਹੇ ਵਿੱਚ ਜੇਕਰ ਸੁੱਕੀ ਠੰਢ ਵਧੇਗੀ ਤਾਂ ਬੱਚਿਆਂ, ਬਜ਼ੁਰਗਾਂ ਤੇ ਮਰੀਜ਼ਾਂ ਦੇ ਲਈ ਚਿੰਤਾ ਦਾ ਵਿਸ਼ਾ ਹੈ। ਪੰਜਾਬ ਦੇ ਕਈ ਹਿੱਸਿਆਂ ਵਿੱਚ ਤਾਂ ਮੌਸਮ ਵਿਭਾਗ ਵੱਲੋਂ ਸੀਤ ਲਹਿਰ ਦਾ ਯੈਲੋ ਅਲਰਟ ਵੀ ਜਾਰੀ ਕੀਤਾ ਹੋਇਆ ਹੈ।
4 ਤੋਂ 8 ਦਸੰਬਰ 2025 ਤੱਕ ਕਈ ਜ਼ਿਲ੍ਹਿਆਂ ’ਚ ਤਾਪਮਾਨ ਵਿਚ ਵੱਡੀ ਗਿਰਾਵਟ ਹੋਣ ਦੀ ਸੰਭਾਵਨਾ ਹੈ। ਇਸ ਦੌਰਾਨ ਦੱਖਣੀ ਤੇ ਪੱਛਮੀ ਪੰਜਾਬ ਦੇ ਜ਼ਿਲ੍ਹਿਆਂ ’ਚ ਸੀਤ ਲਹਿਰ ਦਾ ਅਸਰ ਸਭ ਤੋਂ ਵੱਧ ਰਹੇਗਾ। ਵਿਭਾਗ ਮੁਤਾਬਕ ਜਾਰੀ ਕੀਤੀ ਅਪਡੇਟ ਅਨੁਸਾਰ, ਫਿਰੋਜ਼ਪੁਰ, ਫਾਜ਼ਿਲਕਾ, ਮੁਕਤਸਰ, ਬਠਿੰਡਾ, ਮਾਨਸਾ, ਬਰਨਾਲਾ, ਮੋਗਾ, ਸੰਘਰੂਰ ਤੇ ਫਤਹਿਗੜ੍ਹ ਸਾਹਿਬ ਜ਼ਿਲ੍ਹਿਆਂ ਲਈ ਯੈਲੋ ਅਲਰਟ ਜਾਰੀ ਹੈ। ਇਨ੍ਹਾਂ ਇਲਾਕਿਆਂ ’ਚ ਰਾਤ ਦੇ ਤਾਪਮਾਨ ਵਿਚ ਕਾਫ਼ੀ ਕਮੀ ਹੋ ਸਕਦੀ ਹੈ ਅਤੇ ਸਵੇਰ ਤੇ ਸ਼ਾਮ ਨੂੰ ਕੜਾਕੇ ਦੀ ਠੰਡ ਪੈ ਸਕਦੀ ਹੈ।
ਇਸ ਦੇ ਨਾਲ ਹੀ ਸੁੱਕੀ ਠੰਢ ਆਮ ਨਾਲੋਂ ਵੱਧ ਨੁਕਸਾਨਦੇਹ ਹੁੰਦੀ ਹੈ। ਅਜਿਹੇ ਵਿੱਚ ਆਪਣਾ ਬਚਾਅ ਰੱਖਣਾ ਜ਼ਰੂਰੀ ਹੋ ਜਾਂਦਾ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਇਸ ਸੁੱਕੀ ਠੰਢ ਦੇ ਮੌਸਮ ‘ਚ ਦਮਾ, ਐਲਰਜੀ, ਸਾਈਨਸ, ਅੱਖਾਂ ਦੀ ਸੁੱਕਾਪਣ ਅਤੇ ਚਮੜੀ ਨਾਲ ਜੁੜੀਆਂ ਸਮੱਸਿਆਵਾਂ ਦੇ ਕੇਸ ਵੀ ਵਧ ਸਕਦੇ ਹਨ। ਲੋਕ ਵਾਇਰਲ ਬੁਖਾਰ ਅਤੇ ਗਲੇ ਦੀ ਖਰਾਬੀ ਕਾਰਨ ਹੋਰ ਜ਼ਿਆਦਾ ਪ੍ਰਭਾਵਿਤ ਹੋ ਰਹੇ ਹਨ। ਡਾਕਟਰਾਂ ਨੇ ਸਲਾਹ ਦਿੱਤੀ ਹੈ ਕਿ ਘਰ ਤੋਂ ਬਾਹਰ ਨਿਕਲਦੇ ਸਮੇਂ ਮਾਸਕ ਪਹਿਨੋ, ਠੰਡਾ ਪਾਣੀ ਨਾ ਪੀਓ ਸਗੋਂ ਗੁੰਨਗੁੰਨਾ ਪਾਣੀ ਪੀਓ, ਧੂੜ–ਮਿੱਟੀ ਤੋਂ ਬਚੋ, ਅਤੇ ਬੱਚਿਆਂ–ਬਜ਼ੁਰਗਾਂ ਨੂੰ ਸਵੇਰੇ ਦੀ ਠੰਢ ਤੋਂ ਬਚਾ ਕੇ ਰੱਖੋ। ਦਮਾ ਅਤੇ ਐਲਰਜੀ ਵਾਲੇ ਮਰੀਜ਼ ਆਪਣੀਆਂ ਦਵਾਈਆਂ ਨਾਲ ਰੱਖਣ ਅਤੇ ਘਰ ਵਿੱਚ ਨਮੀ ਬਣਾਈ ਰੱਖਣ ਲਈ ਸਟੀਮਰ ਜਾਂ ਹਿਊਮਿਡੀਫਾਇਰ ਦੀ ਵਰਤੋਂ ਕਰਨ।
ਬਰਸਾਤ ਨਾ ਹੋਣ ਕਾਰਨ ਹਵਾ ਵਿੱਚ ਧੂੜ, ਧੂੰਏਂ ਅਤੇ ਪ੍ਰਦੂਸ਼ਿਤ ਕਣ ਲਗਾਤਾਰ ਵੱਧ ਰਹੇ ਹਨ। ਆਮ ਤੌਰ ‘ਤੇ ਬਾਰਿਸ਼ ਇਨ੍ਹਾਂ ਕਣਾਂ ਨੂੰ ਜ਼ਮੀਨ ‘ਤੇ ਬਿਠਾ ਦਿੰਦੀ ਹੈ, ਪਰ ਇਸ ਵਾਰ ਲੰਮੇ ਸਮੇਂ ਤੱਕ ਮੌਸਮ ਸੁੱਕਾ ਰਹਿਣ ਕਾਰਨ ਪ੍ਰਦੂਸ਼ਣ ਹੋਰ ਗੰਭੀਰ ਹੋ ਗਿਆ ਹੈ। ਇਲਾਕੇ ਦਾ AQI 128 ਦਰਜ ਕੀਤਾ ਗਿਆ ਹੈ, ਜੋ ਸਿਹਤ ਲਈ ਹਾਨੀਕਾਰਕ ਸ਼੍ਰੇਣੀ ਵਿੱਚ ਆਉਂਦਾ ਹੈ। ਇਹ ਖ਼ਾਸ ਕਰਕੇ ਬੱਚਿਆਂ, ਬਜ਼ੁਰਗਾਂ ਅਤੇ ਦਿਲ–ਫੇਫੜਿਆਂ ਦੇ ਮਰੀਜ਼ਾਂ ਲਈ ਵਧੇਰੇ ਖ਼ਤਰਨਾਕ ਹੈ।