ਸੰਗਰੂਰ ਦੇ ਭਵਾਨੀਗੜ੍ਹ ਸ਼ਹਿਰ ਵਿੱਚ ਬੀਤੀ ਰਾਤ ਅਵਾਰਾ ਪਸ਼ੂਆਂ ਨੂੰ ਲੈ ਕੇ ਵੱਡਾ ਵਿਵਾਦ ਸਾਹਮਣੇ ਆਇਆ, ਜਦੋਂ ਨੇੜਲੇ ਪਿੰਡ ਨਦਾਮਪੁਰ ਦੇ ਕੁਝ ਕਿਸਾਨ ਆਪਣੀ ਟਰਾਲੀ ਵਿੱਚ ਅਵਾਰਾ ਪਸ਼ੂ ਭਰ ਕੇ ਸ਼ਹਿਰ ਦੀ ਅਨਾਜ ਮੰਡੀ ਵਿੱਚ ਛੱਡਣ ਪਹੁੰਚ ਗਏ। ਜਿਵੇਂ ਹੀ ਸ਼ਹਿਰ ਵਾਸੀਆਂ ਨੂੰ ਇਸ ਦੀ ਜਾਣਕਾਰੀ ਮਿਲੀ, ਉਨ੍ਹਾਂ ਨੇ ਤੁਰੰਤ ਮੌਕੇ ‘ਤੇ ਪਹੁੰਚ ਕੇ ਟਰਾਲੀ ਨੂੰ ਘੇਰ ਲਿਆ ਅਤੇ ਇਸ ਕਾਰਵਾਈ ਦਾ ਸਖ਼ਤ ਵਿਰੋਧ ਕੀਤਾ। ਸ਼ਹਿਰ ਵਾਸੀਆਂ ਦਾ ਕਹਿਣਾ ਸੀ ਕਿ ਅਵਾਰਾ ਪਸ਼ੂਆਂ ਕਾਰਨ ਪਹਿਲਾਂ ਹੀ ਸ਼ਹਿਰ ਵਿੱਚ ਹਾਦਸੇ, ਫ਼ਸਲਾਂ ਅਤੇ ਦੁਕਾਨਾਂ ਦਾ ਨੁਕਸਾਨ ਹੋ ਰਿਹਾ ਹੈ ਅਤੇ ਇਸ ਤਰ੍ਹਾਂ ਰਾਤ ਦੇ ਸਮੇਂ ਪਸ਼ੂ ਛੱਡਣਾ ਬੇਜ਼ਿੰਮੇਵਾਰਨਾ ਹਰਕਤ ਹੈ। ਉਨ੍ਹਾਂ ਨੇ ਕਿਹਾ ਕਿ ਪਿੰਡਾਂ ਦੀ ਸਮੱਸਿਆ ਨੂੰ ਸ਼ਹਿਰ ‘ਤੇ ਥੋਪਿਆ ਨਹੀਂ ਜਾ ਸਕਦਾ।
ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਸ਼ਹਿਰ ਵਾਸੀਆਂ ਵੱਲੋਂ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਗਿਆ, ਜਿਸ ਤੋਂ ਬਾਅਦ ਅਧਿਕਾਰੀ ਮੌਕੇ ‘ਤੇ ਪਹੁੰਚੇ। ਸ਼ਹਿਰ ਵਾਸੀਆਂ ਨੇ ਮੰਗ ਕੀਤੀ ਕਿ ਪਸ਼ੂਆਂ ਨੂੰ ਤੁਰੰਤ ਸਰਕਾਰੀ ਗਊਸ਼ਾਲਾ ਵਿੱਚ ਭੇਜਿਆ ਜਾਵੇ ਅਤੇ ਅਵਾਰਾ ਪਸ਼ੂ ਸਮੱਸਿਆ ਦਾ ਪੱਕਾ ਹੱਲ ਕੀਤਾ ਜਾਵੇ। ਨਾਲ ਹੀ ਉਨ੍ਹਾਂ ਨੇ ਅਜਿਹੀ ਘਟੀਆ ਹਰਕਤ ਕਰਨ ਵਾਲਿਆਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਵੀ ਕੀਤੀ।