Sunday, 11th of January 2026

ਜਾਖੜ ਦੀ CM ਨੂੰ ਚਿੱਠੀ, 'HC ਦੀ ਨਿਗਰਾਨੀ ਹੇਠ ਹੋਵੇ ਜਾਂਚ'

Reported by: Sukhjinder Singh  |  Edited by: Jitendra Baghel  |  December 09th 2025 03:21 PM  |  Updated: December 09th 2025 03:21 PM
ਜਾਖੜ ਦੀ CM ਨੂੰ ਚਿੱਠੀ, 'HC ਦੀ ਨਿਗਰਾਨੀ ਹੇਠ ਹੋਵੇ ਜਾਂਚ'

ਜਾਖੜ ਦੀ CM ਨੂੰ ਚਿੱਠੀ, 'HC ਦੀ ਨਿਗਰਾਨੀ ਹੇਠ ਹੋਵੇ ਜਾਂਚ'

ਪੰਜਾਬ ਦੀ ਸਿਆਸਤ ਵਿੱਚ ਨਵਜੋਤ ਕੌਰ ਸਿੱਧੂ ਦੇ ਬਿਆਨ ਮਗਰੋਂ ਮੁੜ ਘਮਸਾਨ ਸ਼ੁਰੂ ਹੋ ਗਿਆ ਹੈ। ਅਜਿਹੇ ਵਿੱਚ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਿੱਠੀ ਲਿਖ ਕੇ ਸੂਬੇ ਵਿੱਚ ਡਰੱਗ ਮਨੀ ਟਰੇਲ ਦੀ ਜਾਂਚ ਪੰਜਾਬ-ਹਰਿਆਣਾ ਹਾਈਕੋਰਟ ਦੇ ਚੀਫ਼ ਜਸਟਿਸ ਦੀ ਨਿਗਰਾਨੀ ਹੇਠ ਸਮਾਂਬੱਧ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ । ਸੁਨੀਲ ਜਾਖੜ ਨੇ ਕਿਹਾ ਕਿ ਸੂਬੇ ਵਿੱਚ ਭ੍ਰਿਸ਼ਟਾਚਾਰ ਦੀ ਜੜ੍ਹਾਂ ਮਨੀ ਟਰੇਲ ਵਿੱਚ ਲੁਕੀਆਂ ਹੋਈਆਂ ਹਨ । 

ਸੁਨੀਲ ਜਾਖੜ ਨੇ ਆਪਣੀ ਚਿੱਠੀ ਵਿੱਚ ਲਿਖਿਆ ਕਿ ਸਿਰਫ ਨਸ਼ੇੜੀਆਂ ਜਾਂ ਛੋਟੇ ਸਪਾਇਲਰਾਂ ਨੂੰ ਗ੍ਰਿਫਤਾਰ ਕਰਨ ਨਾਲ ਪੰਜਾਬ ਵਿੱਚ ਨਸ਼ੇ ਦਾ ਖਾਤਮਾ ਨਹੀਂ ਹੋਵੇਗਾ, ਕਿਉਂਕਿ ਅਸਲੀ 'ਵੱਡੀ ਮੱਛੀਆਂ' ਹੁਣ ਵੀ ਕਾਨੂੰਨ ਤੋਂ ਬਾਹਰ ਹਨ । ਉਨ੍ਹਾਂ ਕਿਹਾ ਕਿ ਜੇ ਸਰਕਾਰ ਭਵਿੱਖ ਵਿੱਚ ਨਸ਼ਾ ਖਤਮ ਕਰਨਾ ਚਾਹੁੰਦੀ ਹੈ ਤਾਂ 'Follow the Money' ਦੇ ਸਿਧਾਂਤ 'ਤੇ ਜਾਂਚ ਜ਼ਰੂਰੀ ਹੈ । ਸੁਨੀਲ ਜਾਖੜ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰਤੀਕਿਰਿਆ ਦਾ ਇੰਤਜ਼ਾਰ ਰਹੇਗਾ।

ਆਪਣੀ ਚਿੱਠੀ ਵਿੱਚ ਜਾਖੜ ਨੇ ਵੱਡਾ ਬਿਆਨ ਦਿੰਦਿਆਂ ਕਿਹਾ ਕਿ ਉਹ ਭਾਜਪਾ ਪ੍ਰਧਾਨ ਵਜੋਂ ਇਸ ਜਾਂਚ ਵਿੱਚ ਸ਼ਾਮਲ ਹੋਣ ਲਈ ਤਿਆਰ ਹਨ ।  ਮੰਤਰੀ, ਵਿਧਾਇਕ, ਪਾਰਟੀ ਪ੍ਰਧਾਨ, ਇੰਚਾਰਜ ਅਤੇ ਸਾਰੇ ਰਾਜਨੀਤਿਕ ਪੱਧਰ ਦੇ ਲੋਕ ਜਾਂਚ ਦਾਇਰੇ ਵਿੱਚ ਆਉਣੇ ਚਾਹੀਦੇ ਹਨ।  ਜਾਖੜ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਭ੍ਰਿਸ਼ਟਾਚਾਰ ਅੱਜ ਸਮਾਜ ਦਾ ‘ਨਸੂਰ’ ਬਣ ਚੁੱਕਿਆ ਹੈ ਅਤੇ ਹੁਣ ਤਾਂ 70 ਸਾਲ ਦੇਸ਼ ਵਿੱਚ ਰਾਜ ਕਰਨ ਵਾਲੀ ਪਾਰਟੀ ਦੇ ਸੀਨੀਅਰ ਆਗੂ ਖ਼ੁਦ ਹੀ ਇੱਕ-ਦੂਜੇ ’ਤੇ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ ਲਗਾ ਰਹੇ ਹਨ। ਸੁਨੀਲ ਜਾਖੜ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਉਨ੍ਹਾਂ ਦੇ ਪੁਰਾਣੇ ਬਿਆਨ ਯਾਦ ਕਰਵਾਏ, ਜਿਸ ਵਿੱਚ ਉਨ੍ਹਾਂ ਨੇ ਭ੍ਰਿਸ਼ਟਾਚਾਰ ਨੂੰ ਕੈਂਸਰ ਕਿਹਾ ਸੀ । ਜਾਖੜ ਨੇ ਸਵਾਲ ਕੀਤਾ, “ਭਗਵੰਤ ਮਾਨ ਜੀ, ਤੁਸੀਂ ਇਹ ਵੀ ਆਖਦੇ ਹੋ ਕੇ ਮੇਰੇ ਕੋਲ ਫਾਇਲਾਂ ਹਨ, ਤਾਂ ਫਿਰ ਫਾਇਲਾਂ ਖੋਲਦੇ ਕਿਉਂ ਨਹੀਂ ਹੋ? ਮੈਂ ਤਾਂ ਪਹਿਲਾਂ ਵੀ ਤੁਹਾਨੂੰ ਪੱਤਰ ਲਿਖਿਆ ਸੀ ਅਤੇ ਹੁਣ ਫਿਰ ਮੰਗ ਕਰਦਾ ਹਾਂ ਕਿ ਹਾਈਕੋਰਟ ਦੇ ਮਾਨਯੋਗ ਚੀਫ਼ ਜਸਟਿਸ ਦੀ ਨਿਗਰਾਨੀ ਵਿੱਚ ਸਾਰੀਆਂ ਪਾਰਟੀਆਂ ਦੇ ਸਾਰੇ ਲੀਡਰਾਂ ਦੀ ਸਮਾਂਬੱਧ ਜਾਂਚ ਕਰਵਾਓ ਤਾਂ ਜੋ ਸੱਚ ਸਾਹਮਣੇ ਆ ਸਕੇ ਅਤੇ ਵੱਖ-ਵੱਖ ਭ੍ਰਿਸ਼ਟਾਚਾਰਾਂ ਦਾ ਪੈਸਾ ਕਿਸ ਕੋਲ ਪਹੁੰਚਿਆ, ਇਸ ਦਾ ਪਤਾ ਲੱਗ ਸਕੇ।”

ਜਾਖੜ ਨੇ ਸਰਕਾਰ ਨੂੰ ਸੁਝਾਅ ਦਿੱਤਾ ਕਿ ਜਾਂਚ ਸਿਰਫ ਡਰੱਗ ਮਨੀ ਤੱਕ ਸੀਮਿਤ ਨਾ ਰਹੇ ਸਗੋਂ ਨਾਜਾਇਜ਼ ਮਾਈਨਿੰਗ, ਰੇਤ ਮਾਫੀਆ ਤੇ ਹੋਰ ਨਾਜਾਇਜ਼ ਸਰੋਤਾਂ ਤੋ ਮਿਲਣ ਵਾਲੇ ਪੈਸਿਆਂ ਦੀ ਟਰੇਲ ਨੂੰ ਵੀ ਸ਼ਾਮਲ ਕੀਤਾ ਜਾਵੇ ਤਾਂ ਜੋ ਪੰਜਾਬ ਵਿੱਚ ਭ੍ਰਿਸ਼ਟਾਚਾਰ ਅਤੇ ਅਪਰਾਧ ਦੀਆਂ ਜੜ੍ਹਾਂ ਨੂੰ ਖਤਮ ਕੀਤਾ ਜਾ ਸਕੇ ।

ਜਾਖੜ ਨੇ ਇਹ ਮੰਗ ਅਜਿਹੇ ਸਮੇਂ ਕੀਤੀ ਹੈ ਜਦੋਂ ਪੰਜਾਬ ਦੀ ਮੁੱਖ ਵਿਰੋਧੀ ਪਾਰਟੀ ਕਾਂਗਰਸ ਦੇ ਅੰਦਰੋਂ ਹੀ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ ਲੱਗੇ ਹਨ। ਪੰਜਾਬ ਦੇ ਸਾਬਕਾ ਕ੍ਰਿਕਟਰ ਅਤੇ ਸਿਆਸਤਦਾਨ ਨਵਜੋਤ ਸਿੰਘ ਸਿੱਧੂ ਦੀ ਪਤਨੀ ਅਤੇ ਸਾਬਕਾ ਵਿਧਾਇਕ ਨਵਜੋਤ ਕੌਰ ਸਿੱਧੂ ਨੇ ਹਾਲ ਹੀ ਵਿੱਚ ਪਾਰਟੀ ਦੇ ਅੰਦਰੂਨੀ ਮਾਮਲਿਆਂ ਤੇ ਵੱਡੇ ਸਵਾਲ ਖੜ੍ਹੇ ਕੀਤੇ ਸਨ। ਨਵਜੋਤ ਕੌਰ ਸਿੱਧੂ ਨੇ ਮੁੱਖ ਮੰਤਰੀ ਬਣਨ ਦੇ ਚਾਹਵਾਨਾਂ ਤੋਂ ਮੋਟੀਆਂ ਰਕਮਾਂ ਮੰਗਣ ਦਾ ਅਸਿੱਧਾ ਦੋਸ਼ ਲਾਉਂਦਿਆਂ ਕਿਹਾ ਸੀ, “ਮੁੱਖ ਮੰਤਰੀ ਦੀ ਕੁਰਸੀ ਲਈ ਸਾਡੇ ਕੋਲ 500 ਕਰੋੜ ਦਾ ਸੂਟਕੇਸ ਨਹੀਂ ਹੈ, ਜੋ ਅਸੀਂ ਅੱਗੇ ਪੇਸ਼ ਕਰ ਸਕੀਏ।” ਇਸ ਬਿਆਨ ਤੋਂ ਬਾਅਦ ਪੰਜਾਬ ਕਾਂਗਰਸ ਨੇ ਇਸ ਨੂੰ ਅਨੁਸ਼ਾਸਨਹੀਣਤਾ ਮੰਨਦੇ ਹੋਏ ਨਵਜੋਤ ਕੌਰ ਸਿੱਧੂ ਨੂੰ ਮੁਅੱਤਲ ਕਰ ਦਿੱਤਾ।