ਹੁਸ਼ਿਆਰਪੁਰ: ਪੰਜਾਬ ਪੁਲਿਸ ਵੱਲੋਂ ਲਗਾਤਾਰ ਗੈਂਗਸਟਰਾਂ ਉੱਤੇ ਨੱਥ ਪਾਈ ਜਾ ਰਹੀ ਹੈ। ਉੱਥੇ ਹੀ ਹੁਸ਼ਿਆਰਪੁਰ ਪੁਲਿਸ ਨੇ ਇੱਕ ਵੱਡਾ ਐਨਕਾਊਂਟਰ ਕੀਤਾ ਹੈ, ਜਿਸ ਵਿਚ ਮਾਹਿਲਪੁਰ ਵਿੱਚ ਕਰੰਸੀ ਬਦਲਣ ਵਾਲੀ ਦੁਕਾਨ ਵਿੱਚ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ ਲੁਟੇਰਿਆਂ ਨੂੰ ਪੁਲਿਸ ਨੇ ਕਾਬੂ ਕੀਤਾ ਹੈ। ਇਹ ਐਨਕਾਊਂਟਰ ਪੁਲਿਸ ਵੱਲੋਂ ਪਿੰਡ ਰਾਮਪੁਰ ਬਿਲੜੋ ਗੜ੍ਹਸ਼ੰਕਰ ਇਲਾਕੇ ਵਿੱਚ ਕੀਤਾ ਗਿਆ।
ਇਸ ਮੌਕੇ ਜਾਣਕਾਰੀ ਦਿੰਦਿਆਂ ਡੀ.ਐੱਸ.ਪੀ. ਦਲਜੀਤ ਸਿੰਘ ਖੱਖ ਨੇ ਦੱਸਿਆ ਕਿ ਅੱਜ ਸ਼ਨੀਵਾਰ ਨੂੰ ਸਵੇਰੇ ਪੁਲਿਸ ਅਤੇ ਲੁਟੇਰਿਆਂ ਵਿਚਕਾਰ ਮੁਕਾਬਲਾ ਹੋਇਆ, ਜਿਸ ਵਿੱਚ ਇਕ ਲੁਟੇਰਾ ਜ਼ਖ਼ਮੀ ਹੋਇਆ ਹੈ। ਡੀ.ਐੱਸ.ਪੀ. ਨੇ ਕਿਹਾ ਜ਼ਖ਼ਮੀ ਲਟੇਰੇ ਸਮੇਤ ਪੁਲਿਸ ਨੇ 2 ਹੋਰ ਲੁਟੇਰਿਆਂ ਨੂੰ ਕਾਬੂ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਨੁਸਾਰ ਇਹਨਾਂ ਲੁਟੇਰਿਆਂ ਤੋਂ 2 ਪਿਸਟਲ ਵੀ ਬਰਾਮਦ ਕੀਤੇ ਗਏ ਹਨ।
ਜਾਣਕਾਰੀ ਅਨੁਸਾਰ ਦੱਸ ਦਈਏ ਕਿ 16 ਦਸੰਬਰ ਨੂੰ ਮਾਹਿਲਪੁਰ ਦੇ ਫਗਵਾੜਾ ਰੋਡ ’ਤੇ ਨਕਾਬਪੋਸ਼ ਲੁਟੇਰਿਆਂ ਨੇ ਪਿਸਤੌਲ ਦਿਖਾ ਕੇ ਕਰੰਸੀ ਬਦਲਣ ਵਾਲੀ ਦੁਕਾਨ ’ਤੇ ਲੁੱਟ ਕੀਤੀ ਅਤੇ ਧਮਕੀਆਂ ਦਿੰਦੇ ਫਰਾਰ ਹੋਏ ਸਨ। ਜਿਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਦੁਕਾਨਦਾਰਾਂ ਨੇ ਮਾਹਿਲਪੁਰ ਦੇ ਮੁੱਖ ਚੌਕ ਵਿੱਚ ਕਰੀਬ ਢਾਈ ਘੰਟੇ ਆਵਾਜਾਈ ਬੰਦ ਕਰਕੇ ਰੋਸ ਪ੍ਰਦਰਸ਼ਨ ਕੀਤਾ ਸੀ। ਇਹ ਵਾਰਦਾਤ ਪੁਲਿਸ ਸਟੇਸ਼ਨ ਤੋਂ 200 ਮੀਟਰ ਦੇ ਘੇਰੇ ਵਿੱਚ ਵਾਪਰੀ ਸੀ।