ਬਾਈਕ ਰਾਈਡ ਬੁੱਕ ਕਰਨ ਵਾਲੀਆਂ ਕੁੜੀਆਂ ਸਾਵਧਾਨ! ਚੰਡੀਗੜ੍ਹ ਤੋਂ ਇੱਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਇੱਥੇ 11ਵੀਂ ਜਮਾਤ ਵਿੱਚ ਪੜ੍ਹਦੀ ਨਾਬਾਲਗ ਵਿਦਿਆਰਥਣ ਨਾਲ ਚੱਲਦੀ ਬਾਈਕ 'ਤੇ ਛੇੜਛਾੜ ਕਰਨ ਵਾਲੇ ਬਾਈਕ ਰਾਈਡਰ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਆਰੋਪੀ ਦੀ ਪਛਾਣ ਸ਼ਾਹਨਵਾਜ ਉਰਫ਼ ਸ਼ਾਨੂ ਦੇ ਵਜੋਂ ਹੋਈ ਹੈ, ਜਿਸ ਨੂੰ ਮਨੀਮਾਜਰਾ ਦੇ ਸ਼ਾਸਤਰੀ ਨਗਰ ਤੋਂ ਮੋਬਾਇਲ ਦੀ ਲੋਕੇਸ਼ਨ ਦੇ ਆਧਾਰ 'ਤੇ ਗ੍ਰਿਫਤਾਰ ਕੀਤਾ ਗਿਆ। ਇਹ ਮਾਮਲਾ ਸ਼ੁੱਕਰਵਾਰ ਦਾ ਦੱਸਿਆ ਜਾ ਰਿਹਾ ਹੈ। ਸੈਕਟਰ-40 ਵਿੱਚ ਰਹਿੰਦੀ ਵਿਦਿਆਰਥਣ ਵੱਲੋਂ ਘਰ ਤੋਂ ਸਕੂਲ ਜਾਣ ਲਈ ਬਾਈਕ ਰਾਈਡ ਬੁੱਕ ਕੀਤੀ ਗਈ। ਬਾਈਕ 'ਤੇ ਬੈਠਣ ਮਗਰੋਂ ਬਾਈਕ ਚਾਲਕ ਨੇ ਵਿਦਿਆਰਥਣ ਨਾਲ ਛੇੜਛਾੜ ਕਰਨੀ ਸ਼ੁਰੂ ਕਰ ਦਿੱਤੀ।
ਮੁਲਜ਼ਮ ਕਾਫੀ ਦੂਰ ਤੱਕ ਇੱਕ ਹੱਥ ਨਾਲ ਬਾਈਕ ਚਲਾਉਂਦਾ ਰਿਹਾ ਅਤੇ ਦੂਜੇ ਹੱਥ ਨਾਲ ਵਿਦਿਆਰਥਣ ਨਾਲ ਛੇੜਛਾੜ ਕਰਦਾ ਰਿਹਾ। ਵਿਦਿਆਰਥਣ ਨੇ ਜਦੋਂ ਮੁਲਜ਼ਮ ਦੀ ਹਰਕਤ ਦਾ ਵਿਰੋਧ ਕੀਤਾ ਤਾਂ ਉਹ ਉਸ ਨੂੰ ਧਮਕਾਉਣ ਲੱਗ ਪਿਆ। ਇਸ 'ਤੇ ਵਿਦਿਆਰਥਣ ਨੇ ਮੁਲਜ਼ਮ ਵੱਲੋਂ ਕੀਤੀ ਜਾ ਰਹੀ ਹਰਕਤ ਦੀ ਵੀਡੀਓ ਬਣਾ ਲਈ, ਜਿਸ ਵਿੱਚ ਉਹ ਛੇੜਛਾੜ ਕਰਦਾ ਸਾਫ਼ ਨਜ਼ਰ ਆਉਂਦਾ ਹੈ। ਵਿਦਿਆਰਥਣ ਨੇ ਜਦੋਂ ਰੁਕਣ ਲਈ ਕਿਹਾ ਤਾਂ ਮੁਲਜ਼ਮ ਨੇ ਮੋਟਰਸਾਈਕਲ ਦੀ ਰਫ਼ਤਾਰ ਹੋਰ ਤੇਜ਼ ਕਰ ਲਈ। ਵਿਦਿਆਰਥਣ ਨੇ ਦੋਬਾਰਾ ਵਿਰੋਧ ਕੀਤਾਂ ਤਾਂ ਬਾਈਕ ਦਾ ਸੰਤੁਲਨ ਵਿਗੜਣ ਕਾਰਨ ਸੜਕ 'ਤੇ ਉਹ ਦੋਵੇਂ ਸੜਕ 'ਤੇ ਡਿੱਗ ਗਏ। ਇਸ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਿਆ। ਦੂਜੇ ਪਾਸੇ ਪਰਿਵਾਰ ਦਾ ਕਹਿਣਾ ਹੈ ਕਿ ਕੁੜੀ ਨੇ ਜਿਹੜੀ ਬਾਈਕ ਬੁੱਕ ਕੀਤੀ ਸੀ, ਉਸ ਦੀ ਬਜਾਏ ਰਾਈਡ ਲਈ ਦੂਜੀ ਬਾਈਕ ਆਈ।
ਸ਼ਿਕਾਇਤ ਦੇ ਅਨੁਸਾਰ ਵਿਦਿਆਰਥਣ ਵੱਲੋਂ ਕੀਤੀ ਗਈ ਬੁਕਿੰਗ 'ਚ ਸ਼ਾਹਨਵਾਜ਼ ਨਾਂਅ ਦੇ ਇੱਕ ਵਿਅਕਤੀ ਨੇ ਰਾਈਡ ਮਨਜ਼ੂਰ ਕੀਤੀ, ਜਿਸ 'ਚ ਮੋਟਰਸਾਈਕਲ ਦਾ ਨੰਬਰ ਯੂ. ਪੀ. ਦਾ ਸੀ। ਵਿਦਿਆਰਥਣ ਦਾ ਦੋਸ਼ ਹੈ ਕਿ ਉਸ ਨੂੰ ਲੈਣ ਜੋ ਬਾਈਕ ਚਾਲਕ ਆਇਆ, ਉਸ ਦੀ ਬਾਈਕ ਦਾ ਨੰਬਰ ਦੂਜਾ ਸੀ। ਮੁਲਜ਼ਮ ਦੇ ਕੋਲ ਹਿਮਾਚਲ ਪ੍ਰਦੇਸ਼ ਨੰਬਰ ਦੀ ਬਾਈਕ ਸੀ। ਵਿਦਿਆਰਥਣ ਨੇ ਸ਼ੱਕ ਜਤਾਇਆ ਕਿ ਇਸੇ ਕਾਰਨ ਮੁਲਜ਼ਮ ਨੇ ਛੇੜਛਾੜ ਕੀਤੀ, ਕਿਉਂਕਿ ਆਨ ਰਿਕਾਰਡ ਉਸ ਨੇ ਓਬਰ ਦੇ ਐਪ 'ਤੇ ਉਹ ਬਾਈਕ ਬੁੱਕ ਨਹੀਂ ਕੀਤੀ ਸੀ।