Trending:
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬੀਤੇ ਦਿਨ ਜਥੇਦਾਰ ਕੁਲਦੀਪ ਸਿੰਘ ਗੜਗੱਜ ਦੀ ਨਿਯੁਕਤੀ ਅਤੇ ਮਰਿਆਦਾ 'ਤੇ ਸਵਾਲ ਚੁੱਕੇ ਗਏ ਸਨ। ਇਨ੍ਹਾਂ ਸਵਾਲਾਂ ਦਾ ਜਵਾਬ ਜਥੇਦਾਰ ਗੜਗੱਜ ਵੱਲੋਂ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਥੇਦਾਰ ਕੇਵਲ ਪੰਥ ਪ੍ਰਤੀ ਜਵਾਬਦੇਹ ਹਨ, ਨਾ ਕਿ ਮੁੱਖ ਮੰਤਰੀ ਪ੍ਰਤੀ। ਉਨ੍ਹਾਂ ਆਖਿਆ ਕਿ ਸਮੁੱਚਾ ਪੰਥ ਸ੍ਰੀ ਆਨੰਦਪੁਰ ਸਾਹਿਬ ਵਿਖੇ ਸ਼ਤਾਬਦੀਆਂ ਮਨਾ ਰਿਹਾ ਤੇ ਜੇਕਰ ਗੁਰੂ ਦਾ ਇਹ ਪੰਥ ਉਹਨਾਂ ਨੂੰ ਕੋਈ ਸਵਾਲ ਕਰੇਗਾ ਤਾਂ ਜਥੇਦਾਰ ਗੁਰੂ ਦੇ ਪੰਥ ਨੂੰ ਜਵਾਬਦੇਹ ਹਨ। ਜਥੇਦਾਰ ਗੜਗੱਜ ਨੇ ਕਿਹਾ ਕਿ ਬਹੁਤ ਸਰਕਾਰਾਂ ਆਈਆਂ ਤੇ ਗਈਆਂ ਉਹਨਾਂ ਨੇ ਕਦੇ ਸਰਕਾਰਾਂ ਦੀ ਪਰਵਾਹ ਨਹੀਂ ਕੀਤੀ। ਉਹਨਾਂ ਆਖਿਆ ਕਿ ਸਾਡੇ ਲਈ ਅਸਲੀ ਸਰਕਾਰ ਗੁਰੂ ਕਲਗੀਧਰ ਦੀ ਸਰਕਾਰ ਹੈ।
ਕੀ ਬੋਲੇ ਸਨ ਮੁੱਖ ਮੰਤਰੀ ?
ਜ਼ਿਕਰਯੋਗ ਹੈ ਕਿ ਇੱਕ ਦਿਨ ਪਹਿਲਾਂ ਹੀ CM ਭਗਵੰਤ ਮਾਨ ਨੇ ਜਥੇਦਾਰ ਗੜਗੱਜ 'ਤੇ ਤੰਜ ਕੱਸਦਿਆਂ ਕਿਹਾ ਸੀ ਕਿ "ਹੁਣ ਉਹ ਲੋਕ ਸਾਨੂੰ ਮਰਿਆਦਾ ਦਾ ਪਾਠ ਪੜ੍ਹਾਉਣਗੇ, ਜਿਨ੍ਹਾਂ ਦੀ ਖੁਦ ਦੀ ਨਿਯੁਕਤੀ ਵੇਲੇ ਸਾਰੀਆਂ ਮਰਿਆਦਾਵਾਂ ਭੰਗ ਕਰ ਦਿੱਤੀਆਂ ਗਈਆਂ ਸਨ?" ਮਾਨ ਨੇ ਸਵਾਲ ਚੁੱਕਿਆ ਸੀ ਕਿ ਜਦੋਂ ਤੜਕੇ 2 ਵਜੇ ਉਨ੍ਹਾਂ ਦੀ ਦਸਤਾਰਬੰਦੀ ਕੀਤੀ ਗਈ ਸੀ, ਉਦੋਂ ਮਰਿਆਦਾ ਕਿੱਥੇ ਸੀ? ਇਸ ਦੇ ਨਾਲ ਹੀ ਉਨ੍ਹਾਂ ਨੇ ਖੁੱਲ੍ਹੀ ਚੇਤਾਵਨੀ ਦਿੰਦਿਆਂ ਕਿਹਾ ਕਿ ਉਹ ਆਉਣ ਵਾਲੇ ਸੈਸ਼ਨ ਵਿੱਚ ਆ ਕੇ ਇਨ੍ਹਾਂ ਦੇ ਸਾਰੇ ਕੱਚੇ-ਚਿੱਠੇ ਖੋਲ੍ਹਣਗੇ। ਉਨ੍ਹਾਂ ਨੇ ਸਾਫ਼ ਕੀਤਾ ਕਿ ਹੁਣ ਧਰਮ ਦੇ ਨਾਂ 'ਤੇ ਰਾਜਨੀਤੀ ਕਰਨ ਵਾਲਿਆਂ ਦੀ ਅਸਲੀਅਤ ਜਨਤਾ ਦੇ ਸਾਹਮਣੇ ਲਿਆਂਦੀ ਜਾਵੇਗੀ।