ਮੋਹਾਲੀ:-ਪੰਜਾਬ ਸਰਕਾਰ ਸ਼ਹਿਰੀ ਵਿਕਾਸ ਨੂੰ ਹੁੰਗਾਰਾ ਦੇਣ ਲਈ ਮੋਹਾਲੀ ਵਿੱਚ 9 ਨਵੇਂ ਸੈਕਟਰ ਅਤੇ ਨਿਊ ਚੰਡੀਗੜ੍ਹ ਵਿੱਚ 2 ਨਵੀਆਂ ਟਾਊਨਸ਼ਿਪਾਂ ਸਥਾਪਿਤ ਕਰਨ ਦੀ ਤਿਆਰੀ ਕਰ ਰਹੀ ਹੈ। ਇਹਨਾਂ ਪ੍ਰੋਜੈਕਟਾਂ ਲਈ ਪੰਜਾਬ ਸਰਕਾਰ 5100 ਏਕੜ ਤੋਂ ਵੱਧ ਜ਼ਮੀਨ ਐਕੁਆਇਰ ਕਰ ਰਹੀ ਹੈ। ਸੀਨੀਅਰ ਅਧਿਕਾਰੀ ਅਨੁਸਾਰ ਮੋਹਾਲੀ ਵਿੱਚ ਇਹ ਜ਼ਮੀਨ ਐਕੁਆਇਰ ਭੌਂ ਪ੍ਰਾਪਤੀ ਕਾਨੂੰਨ 2013 ਦੀ ਧਾਰਾ 11 ਤਹਿਤ ਜਲਦੀ ਹੀ ਨੋਟੀਫਿਕੇਸ਼ਨ ਜਾਰੀ ਕੀਤਾ ਜਾ ਸਕਦਾ ਹੈ।
ਇਹ ਜਾਣਕਾਰੀ ਮਿਲ ਰਹੀ ਹੈ ਕਿ ਮੋਹਾਲੀ ਦੇ ਹਵਾਈ ਅੱਡੇ ਨੇੜੇ ਐਰੋਟ੍ਰੋਪੋਲਿਸ ਦੇ ਵਿਸਥਾਰ ਲਈ (ਬਲਾਕ A ਤੋਂ G) ਲਈ 3535 ਏਕੜ ਜ਼ਮੀਨ ਐਕੁਆਇਰ ਕੀਤੀ ਜਾਵੇਗੀ। ਇਸ ਪ੍ਰੋਜੈਕਟ ਅਧੀਨ 524 ਏਕੜ ਜ਼ਮੀਨ ਨਵੇਂ ਸੈਕਟਰ 87 (ਵਪਾਰਕ), 101 (ਕੁਝ ਹਿੱਸਾ) ਤੇ 103 (ਸਨਅਤੀ) ਲਈ ਰੱਖੀ ਗਈ ਹੈ। ਇਸ ਪ੍ਰੋਜੈਕਟ ਲਈ ਕਾਨੂੰਨ ਅਨੁਸਾਰ ਜ਼ਰੂਰੀ ਸਮਾਜਿਕ ਪ੍ਰਭਾਵ ਮੁਲਾਂਕਣ ਦਾ ਕੰਮ ਪੂਰਾ ਹੋ ਗਿਆ ਹੈ ਅਤੇ ਮਾਹਿਰਾਂ ਦੀ ਕਮੇਟੀ ਨੇ ਹਰੀ ਝੰਡੀ ਦੇ ਦਿੱਤੀ ਹੈ।
ਉੱਥੇ ਹੀ ਨਿਊ ਚੰਡੀਗੜ੍ਹ ਵਿੱਚ ਪਹਿਲਾ ਤੋਂ ਹੀ ਐਕੁਆਇਰ ਕੀਤੀ ਜਾ ਰਹੀ 1048 ਏਕੜ ਜ਼ਮੀਨ ਲਈ ਮੁਆਵਜ਼ਾ ਰਾਸ਼ੀ ਤਹਿ ਕਰ ਲਈ ਗਈ ਹੈ। ਜਿਹਨਾਂ ਵਿੱਚ ਈਕੋ ਸਿਟੀ-3 ਲਈ 720 ਏਕੜ ਅਤੇ ਮੈਡੀਸਿਟੀ ਨੇੜੇ ਬਣਨ ਵਾਲੀ ਨਵੀਂ ਟਾਊਨਸ਼ਿਪ ਲਈ 328 ਏਕੜ ਜ਼ਮੀਨ ਸ਼ਾਮਲ ਕੀਤੀ ਗਈ ਹੈ। ਐਵਾਰਡਾਂ ਦਾ ਐਲਾਨ ਜਲਦੀ ਹੋਣ ਦੀ ਸੰਭਾਵਨਾ ਵੀ ਜਤਾਈ ਜਾ ਰਹੀ ਹੈ। ਜਿਸ ਤੋਂ ਬਾਅਦ ਜ਼ਮੀਨੀ ਪੱਧਰ ਉੱਤੇ ਵਿਕਾਸ ਕਾਰਜ ਜਾਰੀ ਹੋ ਸਕਣਗੇ।
ਜਾਣਕਾਰੀ ਅਨੁਸਾਰ ਦੱਸ ਦਈਏ ਕਿ ਪੰਜਾਬ ਸਰਕਾਰ ਨੇ ਇਸੇ ਸਾਲ ਜੂਨ ਮਹੀਨੇ ਵਿੱਚ ਇੱਕ 'ਲੈਂਡ ਪੂਲਿੰਗ ਪਾਲਿਸੀ' ਤਹਿਤ 6285 ਏਕੜ ਜ਼ਮੀਨ ਲੈਣ ਦੀ ਮਨਜ਼ੂਰੀ ਦਿੱਤੀ ਗਈ ਸੀ। 'ਲੈਂਡ ਪੂਲਿੰਗ ਪਾਲਿਸੀ' ਤਹਿਤ ਕਿਸਾਨਾਂ ਨੂੰ ਨਕਦ ਮੁਆਵਜ਼ੇ ਦੀ ਬਜਾਏ ਵਿਕਸਿਤ ਪਲਾਟ ਮਿਲਣੇ ਸਨ, ਪਰ ਕਿਸਾਨਾਂ ਦੇ ਵਿਰੋਧ ਅਤੇ ਹਾਈ ਕੋਰਟ ਦੀ ਰੋਕ ਕਰਕੇ ਸਰਕਾਰ ਨੂੰ ਇਹ ਪਾਲਿਸੀ ਅਗਸਤ ਵਿੱਚ ਵਾਪਸ ਲੈਣੀ ਪਈ। ਕਿਸਾਨਾਂ ਇਹ ਸੀ ਕਿ ਇਸ ਨੀਤੀ ਨਾਲ ਕਿਸਾਨਾਂ ਦਾ ਜ਼ਮੀਨ ਉੱਤੇ ਅਧਿਕਾਰੀ ਘੱਟ ਹੋ ਜਾਵੇਗਾ। ਜਿਸ ਦੇ ਨਤੀਜੇ ਵੱਲੋਂ ਪੰਜਾਬ ਸਰਕਾਰ ਨੂੰ ਮੋਹਾਲੀ ਅਤੇ ਨਿਊ ਚੰਡੀਗੜ੍ਹ ਦੇ ਵਿਕਾਸ ਲਈ 'ਲੈਂਡ ਪੂਲਿੰਗ ਪਾਲਿਸੀ'ਰੱਦ ਕਰਕੇ ਪੁਰਾਣੇ ਕਾਨੂੰਨ 2013 ਵੱਲ ਵਾਪਸ ਮੁੜਨਾ ਪਿਆ।