ਪੰਜਾਬ ਵਿੱਚ ਦਸੰਬਰ ਸ਼ੁਰੂ ਹੁੰਦੇ ਹੀ ਮੌਸਮ ਹੋਰ ਠੰਢਾ ਹੋ ਰਿਹਾ ਹੈ। ਲੋਕਾਂ ਨੂੰ ਇਹ ਹੱਡ ਚੀਰਵੀਂ ਠੰਢ ਠਾਰ੍ਹ ਰਹੀ ਹੈ ਅਤੇ ਰਜਾਈਆਂ ਚੋਂ ਬਾਹਰ ਨਾ ਨਿਕਲਣ ਲਈ ਮਜਬੂਰ ਕਰ ਰਹੀ ਹੈ। ਮੌਸਮ ਵਿਭਾਗ ਵਲੋਂ ਸੀਤ ਲਹਿਰ (Cold Wave Alert) ਨੂੰ ਲੈ ਕੇ ਪੰਜਾਬ ਦੇ 8 ਜ਼ਿਲ੍ਹਿਆਂ ਵਿੱਚ ਯੈਲੋ ਅਲਰਟ ਜਾਰੀ ਕੀਤਾ ਹੈ।
ਮੌਸਮ ਵਿਭਾਗ ਅਨੁਸਾਰ, ਸੂਬੇ ਵਿੱਚ ਸੀਤ ਲਹਿਰ ਦਾ ਇਹ ਅਲਰਟ ਸੂਬੇ ਦੇ 8 ਜ਼ਿਲ੍ਹਿਆਂ: ਜਲੰਧਰ, ਮੋਗਾ, ਫ਼ਿਰੋਜ਼ਪੁਰ, ਫ਼ਰੀਦਕੋਟ, ਫਾਜ਼ਿਲਕਾ, ਮੁਕਤਸਰ, ਬਠਿੰਡਾ ਅਤੇ ਮਾਨਸਾ ਵਿੱਚ ਜਾਰੀ ਕੀਤਾ ਗਿਆ ਹੈ। ਇੱਥੇ ਤਾਪਮਾਨ ਆਮ ਨਾਲੋਂ ਘੱਟ ਰਹਿਣ ਦਾ ਅਨੁਮਾਨ ਹੈ, ਜਦੋਂ ਕਿ ਬਾਕੀ ਜ਼ਿਲ੍ਹਿਆਂ ਵਿੱਚ ਤਾਪਮਾਨ ਆਮ ਰਹੇਗਾ। ਐਤਵਾਰ ਲਈ ਅਜੇ ਮੌਸਮ ਵਿਭਾਗ ਵੱਲੋਂ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ।
ਜੇਕਰ ਪੰਜਾਬ ਅੰਦਰ ਤਾਪਮਾਨ ਦੀ ਗੱਲ ਕਰੀਏ ਤਾਂ, ਮੌਸਮ ਵਿਭਾਗ ਵਲੋਂ, ਬੀਤੇ ਦਿਨ (ਸ਼ੁੱਕਰਵਾਰ) ਸੂਬੇ ਵਿੱਚ 1.5 ਡਿਗਰੀ ਸੈਲਸੀਅਸ ਤਾਪਮਾਨ ਵਿੱਚ ਵਾਧਾ ਦਰਜ ਹੋਇਆ ਹੈ, ਇਹ ਸੂਬੇ ਵਿੱਚ ਆਮ ਤਾਪਮਾਨ ਦੇ ਨੇੜੇ ਹੈ। ਵੱਧ ਤੋਂ ਵੱਧ ਤਾਪਮਾਨ 26 ਡਿਗਰੀ ਸੈਲਸੀਅਸ ਬਠਿੰਡਾ ਵਿਖੇ ਦਰਜ ਹੋਇਆ ਹੈ। ਜਦਕਿ, ਘੱਟੋ-ਘੱਟ ਤਾਪਮਾਨ ਵਿੱਚ -0.4 ਡਿਗਰੀ ਸੈਲਸੀਅਸ ਗਿਰਾਵਟ ਦਰਜ ਹੋਈ ਹੈ। ਇਹ ਤਾਪਮਾਨ ਸੂਬੇ ਅੰਦਰ ਆਮ ਤਾਪਮਾਨ ਤੋਂ 2 ਡਿਗਰੀ ਸੈਲਸੀਅਸ ਘੱਟ ਹੈ। ਇਸ ਤੋਂ ਇਲਾਵਾ ਬੀਤੇ ਦਿਨ ਪੰਜਾਬ ਵਿੱਚ ਫਰੀਦਕੋਟ ਸਭ ਤੋਂ ਵੱਧ ਠੰਢਾ ਸ਼ਹਿਰ ਰਿਹਾ ਹੈ, ਜਿੱਥੇ ਘੱਟ ਤੋਂ ਘੱਟ ਤਾਪਮਾਨ 3 ਡਿਗਰੀ ਸੈਲਸੀਅਸ ਦਰਜ ਹੋਇਆ ਹੈ।
ਮੌਸਮ ਵਿਭਾਗ ਵੱਲੋਂ ਜਾਰੀ ਅੰਕੜਿਆਂ ਅਨੁਸਾਰ, ਸੂਬੇ ਵਿੱਚ ਦਿਨ ਦਾ ਤਾਪਮਾਨ ਤਾਂ ਆਮ (Normal) ਹੋ ਚੁੱਕਾ ਹੈ, ਪਰ ਰਾਤਾਂ ਅਜੇ ਵੀ ਠੰਢੀਆਂ ਹਨ। ਘੱਟੋ-ਘੱਟ ਤਾਪਮਾਨ ਆਮ ਨਾਲੋਂ 2 ਡਿਗਰੀ ਤੱਕ ਘੱਟ ਬਣਿਆ ਹੋਇਆ ਹੈ, ਜਦੋਂ ਕਿ ਦਿਨ ਦਾ ਤਾਪਮਾਨ ਆਮ ਹੈ।