ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਪ੍ਰਧਾਨਗੀ ਹੇਠ ਫਰੀਦਾਬਾਦ 'ਚ ਹੋਈ ਉੱਤਰੀ ਜ਼ੋਨਲ ਕੌਂਸਲ ਦੀ ਮੀਟਿੰਗ ਦੌਰਾਨ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਨਾਲ ਜੁੜੇ ਤਿੰਨ ਸੰਵੇਦਨਸ਼ੀਲ ਮੁੱਦਿਆਂ—ਪਾਣੀ, ਪੰਜਾਬ ਯੂਨੀਵਰਸਿਟੀ ਅਤੇ ਚੰਡੀਗੜ੍ਹ—'ਤੇ ਆਪਣਾ ਸਾਫ਼, ਸਪੱਸ਼ਟ ਅਤੇ ਦਮਦਾਰ ਪੱਖ ਰੱਖਿਆ। CM ਮਾਨ ਨੇ ਗੁਆਂਢੀ ਰਾਜਾਂ ਨੂੰ ਬਿਲਕੁਲ “ਦੋ ਟੁੱਕ” ਜਵਾਬ ਦਿੰਦਿਆਂ ਕਿਹਾ ਕਿ “ਸਾਡੇ ਕੋਲ ਇੱਕ ਵੀ ਬੂੰਦ ਵੱਧ ਪਾਣੀ ਨਹੀਂ ਹੈ, ਇਸ ਲਈ SYL ਦਾ ਸਵਾਲ ਹੀ ਨਹੀਂ।”
ਉਨ੍ਹਾਂ ਨੇ ਜ਼ੋਰ ਦਿੰਦਿਆਂ ਕਿਹਾ ਕਿ ਪੰਜਾਬ ਯੂਨੀਵਰਸਿਟੀ ਹੋਵੇ ਜਾਂ ਚੰਡੀਗੜ੍ਹ—ਦੋਵੇਂ ‘ਤੇ ਇਤਿਹਾਸਕ ਅਤੇ ਕਾਨੂੰਨੀ ਤੌਰ ‘ਤੇ ਪੰਜਾਬ ਦਾ ਹੀ ਹੱਕ ਬਣਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਮੀਟਿੰਗ 'ਚ ਕੁੱਲ 28 ਮੁੱਦਿਆਂ 'ਤੇ ਚਰਚਾ ਹੋਈ, ਜਿਨ੍ਹਾਂ 'ਚੋਂ 11 ਮੁੱਦੇ ਸਿਰਫ਼ ਪੰਜਾਬ ਦੇ ਸਨ। ਉਨ੍ਹਾਂ ਕਿਹਾ, "11 ਦੇ 11 ਮੁੱਦੇ ਪੰਜਾਬ ਨਾਲ ਸਬੰਧਤ ਸਨ, ਜਿਨ੍ਹਾਂ 'ਤੇ ਮੈਂ ਪੰਜਾਬ ਦਾ ਪੱਖ ਰੱਖਿਆ।" CM ਮਾਨ ਨੇ ਕਿਹਾ ਕਿ ਉਨ੍ਹਾਂ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਸਪੱਸ਼ਟ ਕਰ ਦਿੱਤਾ ਹੈ ਕਿ "ਸਾਡੇ ਕੋਲ ਕਿਸੇ ਨੂੰ ਦੇਣ ਲਈ ਇੱਕ ਵੀ ਬੂੰਦ ਫਾਲਤੂ ਪਾਣੀ ਨਹੀਂ ਹੈ।"
ਮੁੱਖ ਮੰਤਰੀ ਮਾਨ ਨੇ ਕਿਹਾ ਕਿ ਹਰਿਆਣਾ ਨੇ ਕਾਲਜਾਂ ਨੂੰ PU ਵਿੱਚ ਮਿਲਾਉਣ ਦੀ ਮੰਗ ਰੱਖੀ ਹੈ, ਜਿਸ ਨੂੰ ਅਸੀਂ ਰੱਦ ਕਰ ਦਿੱਤਾ। ਇਹਨਾਂ ਕਾਲਜਾਂ ਦੀ ਮਿਆਦ ਸਮਾਂ ਖ਼ਤਮ ਹੋ ਗਈ ਹੈ ਅਤੇ ਹੁਣ ਇਹ ਪੰਜਾਬ ਵਿਚ ਸ਼ਾਮਲ ਹੋਣ ਦੀ ਕੋਸ਼ਿਸ਼ ਕਰ ਰਹੇ ਹਨ। ਕੁਰੂਕਸ਼ੇਤਰ ਯੂਨੀਵਰਸਿਟੀ ਦੀ ਰੈਂਕਿੰਗ A ਹੈ ਅਤੇ A ਵਾਲੀ ਯੂਨੀਵਰਸਿਟੀ ਤੋਂ ਕਾਲਜ ਕਿਉਂ ਕੱਢ ਰਹੇ ਹਨ। ਇਹ ਸੈਨੇਟ ਅਤੇ ਸਿੰਡੀਕੇਟ 'ਤੇ ਕਬਜ਼ਾ ਕਰਨਾ ਚਾਹੁੰਦੇ ਹਨ। ਇਸ ਮੁੱਦੇ ਨੂੰ ਲੈ ਕੇ ਵਿਦਿਆਰਥੀਆਂ ਨੇ ਕਾਲਜ ਵਿਚ ਜ਼ੋਰਦਾਰ ਪ੍ਰਦਰਸ਼ਨ ਕੀਤਾ, ਜਿਸ ਨੂੰ ਦੇਖਦੇ ਹੋਏ ਇਨ੍ਹਾਂ ਨੇ ਨੋਟਿਸ ਵਾਪਸ ਲੈ ਲਿਆ ਪਰ ਉਸ ਵਿਚ ਕਿਸੇ ਗੱਲ ਦੀ ਕੋਈ ਸਪਸ਼ਟਤਾ ਨਹੀਂ ਦਿੱਤੀ। ਬੱਚਿਆਂ ਦੇ ਪੇਪਰ ਨੇੜੇ ਆ ਰਹੇ ਹਨ, ਇਸ ਨਾਲ ਉਹਨਾਂ ਦੀ ਪੜ੍ਹਾਈ ਖ਼ਰਾਬ ਹੋ ਰਹੀ ਹੈ।
SYL ਦੇ ਮੁੱਦੇ 'ਤੇ ਬੋਲਦੇ ਹੋਏ CM ਨੇ ਕਿਹਾ ਕਿ ਸੁਪਰੀਮ ਕੋਰਟ ਨੇ ਕਿਹਾ ਤੁਸੀਂ ਆਪ ਹੀ ਇਸ ਦਾ ਹੱਲ ਦੱਸ ਦਿਓ। ਅਸੀਂ ਕਿਹਾ ਕਿ SYL ਨੂੰ YSL ਕਰ ਦਿਓ, ਯਾਨੀ ਸਤਲੁਜ ਯਮੁਨਾ ਲਿੰਕ ਦੀ ਥਾਂ ਯਮੁਨਾ ਸਤਲੁਜ ਲਿੰਕ ਕਰ ਦਿਓ। ਸਤਲੁਜ ਤਾਂ ਹੁਣ ਦਰਿਆ ਰਿਹਾ ਹੀ ਨਹੀਂ ਉਹ ਨਾਲਾ ਬਣ ਗਿਆ। ਹੜ੍ਹ ਕਾਰਨ ਪੰਜਾਬ ਨੂੰ ਬਹੁਤ ਸਾਰਾ ਨੁਕਸਾਨ ਹੋਇਆ ਪਰ ਤੁਸੀਂ ਸਾਨੂੰ 1600 ਕਰੋੜ ਰੁਪਏ ਨਹੀਂ ਦਿੱਤੇ। ਸੰਕਟ ਆਉਣ ਦੇ ਬਾਵਜੂਦ ਚਾਵਲ, ਕਣਕ, ਸਰੋਂ, ਦਾਲਾਂ, ਗੰਨਾ, ਸੂਰਜਮੁਖੀ ਸਾਡੇ ਤੋਂ ਲੈਣਾ ਹੈ ਪਰ ਜਦੋਂ ਅਸੀਂ ਮੰਗੀਏ ਤਾਂ ਪਾਣੀ ਨਹੀਂ ਹੈ।