Sunday, 11th of January 2026

Navjot Kaur Sidhu Meets Nitin Gadkari, ਨਿਤਿਨ ਗਡਕਰੀ ਨੂੰ ਮਿਲੇ ਮੈਡਮ ਸਿੱਧੂ

Reported by: Sukhjinder Singh  |  Edited by: Jitendra Baghel  |  December 26th 2025 11:31 AM  |  Updated: December 26th 2025 11:59 AM
Navjot Kaur Sidhu Meets Nitin Gadkari, ਨਿਤਿਨ ਗਡਕਰੀ ਨੂੰ ਮਿਲੇ ਮੈਡਮ ਸਿੱਧੂ

Navjot Kaur Sidhu Meets Nitin Gadkari, ਨਿਤਿਨ ਗਡਕਰੀ ਨੂੰ ਮਿਲੇ ਮੈਡਮ ਸਿੱਧੂ

ਪੰਜਾਬ ਦੀ ਸਿਆਸਤ ਵਿੱਚ ਹਲਚਲ ਤੇਜ਼ ਹੋ ਗਈ ਹੈ। ਕਾਂਗਰਸ ਪਾਰਟੀ ਤੋਂ ਮੁਅੱਤਲ ਹੋਣ ਤੋਂ ਬਾਅਦ ਸਾਬਕਾ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਪਤਨੀ ਅਤੇ ਸਾਬਕਾ ਵਿਧਾਇਕ ਡਾ.ਨਵਜੋਤ ਕੌਰ ਸਿੱਧੂ ਨੇ ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨਾਲ ਮੁਲਾਕਾਤ ਕੀਤੀ ਹੈ। ਇਸ ਮੁਲਾਕਾਤ ਦੀ ਜਾਣਕਾਰੀ ਖੁਦ ਮੈਡਮ ਸਿੱਧੂ ਨੇ ਸੋਸ਼ਲ ਮੀਡੀਆ 'ਤੇ ਦਿੱਤੀ। ਨਿਤਿਨ ਗਡਕਰੀ ਨਾਲ ਮੁਲਾਕਾਤ ਦੀਆਂ ਤਸਵੀਰਾਂ ਸਾਂਝੀਆਂ ਕਰਦਿਆਂ ਮੈਡਮ ਸਿੱਧੂ ਨੇ ਕਿਹਾ ਕਿ ਅੰਮ੍ਰਿਤਸਰ ਵਿੱਚ ਰੁਕੇ ਹੋਏ ਵਿਕਾਸ ਕਾਰਜਾਂ ਵਿਚ ਤੇਜ਼ੀ ਲਿਆਉਣ ਲਈ ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਦਾ ਧੰਨਵਾਦ ਕੀਤਾ। ਨਵਜੋਤ ਕੌਰ ਸਿੱਧੂ ਨੇ ਨਿਤਿਨ ਗਡਕਰੀ ਦੇ ਕੰਮਕਾਜ ਅਤੇ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦੀ ਖੁੱਲ੍ਹ ਕੇ ਤਾਰੀਫ਼ ਕੀਤੀ 

ਉਨ੍ਹਾਂ ਨੇ ਅੰਮ੍ਰਿਤਸਰ ਸ਼ਹਿਰ ਦੀਆਂ ਪ੍ਰਮੁੱਖ ਸੜਕਾਂ ਅਤੇ ਹਾਈਵੇਜ਼ ਦੀ ਖ਼ਸਤਾ ਹਾਲਤ ਅਤੇ ਅਧੂਰੇ ਪਏ ਕੰਮਾਂ ਨੂੰ ਲੈ ਕੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੂੰ ਮੰਗ ਪੱਤਰ ਸੌਂਪਿਆ। ਇਸ ਪੱਤਰ ਰਾਹੀਂ ਉਨ੍ਹਾਂ ਨੇ ਸ਼ਹਿਰ ਵਿੱਚ ਲਟਕ ਰਹੇ ਵਿਕਾਸ ਕਾਰਜਾਂ ਅਤੇ ਟ੍ਰੈਫਿਕ ਦੀਆਂ ਗੰਭੀਰ ਸਮੱਸਿਆਵਾਂ ਵੱਲ ਕੇਂਦਰ ਸਰਕਾਰ ਦਾ ਨਿਜੀ ਧਿਆਨ ਦਿਵਾਉਣ ਦੀ ਮੰਗ ਕੀਤੀ ਹੈ। ਡਾ.ਸਿੱਧੂ ਨੇ ਆਪਣੇ ਪੱਤਰ ਵਿੱਚ ਮੁੱਖ ਤੌਰ ‘ਤੇ ਅੰਮ੍ਰਿਤਸਰ ਦੇ ਦੋ ਵੱਡੇ ਪ੍ਰੋਜੈਕਟਾਂ ਵਿੱਚ ਆ ਰਹੀਆਂ ਦਿੱਕਤਾਂ ਦਾ ਜ਼ਿਕਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਰਣਜੀਤ ਐਵੇਨਿਊ-ਲੁਹਾਰਕਾ ਬਾਈਪਾਸ ਹਾਲੇ ਵੀ ਅਧੂਰਾ ਪਿਆ ਹੈ। ਅੰਮ੍ਰਿਤਸਰ ਪੂਰਬੀ ਹਲਕੇ ਵਿੱਚ ਪੈਂਦੇ ਵੱਲਾ ਬਾਈਪਾਸ ਬਾਰੇ ਉਨ੍ਹਾਂ ਕਿਹਾ ਕਿ ਇੱਥੇ ਕੰਮ ਦੀ ਰਫ਼ਤਾਰ ਬਹੁਤ ਸੁਸਤ ਹੈ ਅਤੇ ਗੁਣਵੱਤਾ ਬਹੁਤ ਮਾੜੀ ਹੈ। ਸੜਕ ਦੇ ਕਿਨਾਰਿਆਂ ‘ਤੇ ਲੱਗੀਆਂ ਟਾਈਲਾਂ ਉੱਖੜ ਰਹੀਆਂ ਹਨ ਅਤੇ ਦਰਾਰਾਂ ਵਿੱਚ ਬੂਟੇ ਉੱਗੇ ਪਏ ਹਨ।

ਏਅਰਪੋਰਟ ਰੋਡ ‘ਤੇ VIP ਮੂਵਮੈਂਟ ਅਤੇ ਟ੍ਰੈਫਿਕ ਦੀ ਸਮੱਸਿਆ ਸਬੰਧੀ ਪੱਤਰ ਵਿੱਚ ਹਵਾਈ ਅੱਡੇ ਨੂੰ ਜਾਣ ਵਾਲੇ ਰਸਤੇ ‘ਤੇ ਆ ਰਹੀਆਂ ਮੁਸ਼ਕਲਾਂ ਬਾਰੇ ਵੀ ਗੱਲ ਕੀਤੀ ਗਈ ਹੈ। ਹਵਾਈ ਅੱਡੇ ਤੋਂ ਸ਼ਹਿਰ ਨੂੰ ਜੋੜਨ ਵਾਲੇ ਮੁੱਖ ਹਾਈਵੇਅ ‘ਤੇ VIP ਮੂਵਮੈਂਟ ਕਾਰਨ ਅਕਸਰ ਜਾਮ ਲੱਗ ਜਾਂਦਾ ਹੈ,ਜਿਸ ਕਰਕੇ ਕਈ ਲੋਕ ਆਪਣੀਆਂ ਫਲਾਈਟਾਂ ਮਿਸ ਕਰ ਰਹੇ ਹਨ। ਅੰਮ੍ਰਿਤਸਰ ਹਵਾਈ ਅੱਡਾ ਅੱਧੇ ਪੰਜਾਬ ਲਈ ਇੱਕ ਜੀਵਨ ਰੇਖਾ ਹੈ, ਇਸ ਲਈ ਬਦਲਵੇਂ ਰਸਤੇ ਅਤੇ ਬਿਹਤਰ ਕਨੈਕਟੀਵਿਟੀ ਦੀ ਸਖ਼ਤ ਲੋੜ ਹੈ।

ਡਾ. ਨਵਜੋਤ ਕੌਰ ਸਿੱਧੂ ਨੇ ਨਿਤਿਨ ਗਡਕਰੀ ਨੂੰ ਬੇਨਤੀ ਕੀਤੀ ਹੈ ਕਿ ਇਹਨਾਂ ਵਿਕਾਸ ਕਾਰਜਾਂ ਵਿੱਚ ਹੋਈ ਦੇਰੀ ਅਤੇ ਕੰਮ ਵਿੱਚ ਰਹੀਆਂ ਖ਼ਾਮੀਆਂ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ। ਅੰਮ੍ਰਿਤਸਰ ਦੀ ਧਾਰਮਿਕ ਮਹੱਤਤਾ ਅਤੇ ਰੋਜ਼ਾਨਾ ਆਉਣ ਵਾਲੇ ਲਗਭਗ 1 ਲੱਖ ਸ਼ਰਧਾਲੂਆਂ ਦੀ ਸਹੂਲਤ ਲਈ ਇਹਨਾਂ ਕੰਮਾਂ ਨੂੰ ਜੰਗੀ ਪੱਧਰ ‘ਤੇ ਪੂਰਾ ਕੀਤਾ ਜਾਵੇ।

ਦੂਜੇ ਪਾਸੇ ਨਵਜੋਤ ਕੌਰ ਸਿੱਧੂ ਦੀ ਇਸ ਮੁਲਾਕਾਤ ਨੂੰ ਲੈ ਕੇ ਸਿਆਸੀ ਹਲਕਿਆਂ ਵਿੱਚ ਕਈ ਤਰ੍ਹਾਂ ਦੀਆਂ ਚਰਚਾਵਾਂ ਛਿੜ ਗਈਆਂ ਹਨ। ਚੇਤਾ ਰਹੇ ਕਿ ਕੁਝ ਸਮਾਂ ਪਹਿਲਾਂ ਹੀ ਮੈਡਮ ਸਿੱਧੂ ਨੂੰ ਕਾਂਗਰਸ ਪਾਰਟੀ ਵਿੱਚੋਂ ਮੁਅੱਤਲ ਕੀਤਾ ਗਿਆ ਸੀ ਜਿਸ ਤੋਂ ਬਾਅਦ ਉਹ ਸਿਆਸੀ ਤੌਰ ‘ਤੇ ਕਾਫੀ ਸਰਗਰਮ ਨਜ਼ਰ ਆ ਰਹੇ ਹਨ। ਕੇਂਦਰੀ ਮੰਤਰੀ ਨਾਲ ਇਸ ਮੁਲਾਕਾਤ ਨੂੰ ਉਨ੍ਹਾਂ ਦੇ ਅਗਲੇ ਸਿਆਸੀ ਕਦਮ ਵਜੋਂ ਦੇਖਿਆ ਜਾ ਰਿਹਾ ਹੈ।