Trending:
ਰਾਜਪੁਰਾ:- ਪਟਿਆਲਾ ਪੁਲਿਸ ਨੇ ਘਨੌਰ ਦੇ ਨੌਜਵਾਨ ਅਵਿਕਰਮ ਸਿੰਘ ਦੇ ਅੰਨ੍ਹੇ ਕਤਲ ਦੀ ਗੁੱਥੀ ਨੂੰ ਸੁਲਝਾਉਂਦਿਆਂ 2 ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਐਸ.ਪੀ. ਘਨੌਰ ਹਰਮਨਪ੍ਰੀਤ ਸਿੰਘ ਚੀਮਾ ਨੇ ਦੱਸਿਆ ਕਿ ਪੁਲਿਸ ਨੇ ਮੁੱਖ ਦੋਸ਼ੀ ਵਿਕਰਮਜੀਤ ਸਿੰਘ ਉਰਫ਼ ਵਿੱਕੀ ਅਤੇ ਉਸ ਦੀ ਮਦਦ ਕਰਨ ਵਾਲੇ ਉਸਦੇ ਚਾਚੇ ਸਤਨਾਮ ਸਿੰਘ ਨੂੰ ਬਿਹਾਰ ਦੇ ਪਟਨਾ ਤੋਂ ਕਾਬੂ ਕੀਤਾ ਹੈ।
ਇਸ ਦੌਰਾਨ ਡੀ.ਐਸ.ਪੀ. ਚੀਮਾ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹ ਕਤਲ ਪ੍ਰੇਮ ਪ੍ਰਸੰਗ ਦੇ ਚਲਦਿਆਂ ਕੀਤਾ ਗਿਆ ਸੀ। ਮ੍ਰਿਤਕ ਅਵਿਕਰਮ ਸਿੰਘ ਅਤੇ ਦੋਸ਼ੀ ਵਿਕਰਮਜੀਤ ਸਿੰਘ ਇੱਕੋ ਲੜਕੀ ਨੂੰ ਪਸੰਦ ਕਰਦੇ ਸਨ, ਜਿਸ ਕਾਰਨ ਵਿਕਰਮਜੀਤ ਨੇ ਰੰਜਿਸ਼ ਰੱਖਣੀ ਸ਼ੁਰੂ ਕਰ ਦਿੱਤੀ ਸੀ। 26 ਦਸੰਬਰ ਨੂੰ ਵਿਕਰਮਜੀਤ ਨੇ ਅਵਿਕਰਮ ਨੂੰ ਪਟਿਆਲਾ ਬੁਲਾਇਆ ਅਤੇ ਉੱਥੋਂ ਉਸਨੂੰ ਡੀਲਵਾਲ ਨੇੜੇ ਇੱਕ ਖੰਡਰ ਮਕਾਨ ਵਿੱਚ ਲੈ ਗਿਆ, ਜਿੱਥੇ ਉਸਦੇ ਸਿਰ ਵਿੱਚ ਇੱਟਾਂ ਮਾਰ ਕੇ ਉਸਦਾ ਕਤਲ ਕਰ ਦਿੱਤਾ ਗਿਆ।
ਡੀ.ਐਸ.ਪੀ. ਹਰਮਨਪ੍ਰੀਤ ਸਿੰਘ ਚੀਮਾ ਅਨੁਸਾਰ, ਵਾਰਦਾਤ ਤੋਂ ਬਾਅਦ ਦੋਸ਼ੀ ਵਿਕਰਮਜੀਤ ਸਿੰਘ ਲੜਕੀ ਨੂੰ ਨਾਲ ਲੈ ਕੇ ਫ਼ਰਾਰ ਹੋ ਗਿਆ ਸੀ। ਪਟਿਆਲਾ ਪੁਲਿਸ ਦੀਆਂ ਵਿਸ਼ੇਸ਼ ਟੀਮਾਂ ਨੇ ਤਕਨੀਕੀ ਮਦਦ ਅਤੇ ਸੂਝ-ਬੂਝ ਨਾਲ ਤਕਰੀਬਨ 4000 ਕਿਲੋਮੀਟਰ ਦਾ ਪਿੱਛਾ ਕਰਦਿਆਂ ਦੋਸ਼ੀਆਂ ਨੂੰ ਪਟਨਾ (ਬਿਹਾਰ) ਦੇ ਰੇਲਵੇ ਸਟੇਸ਼ਨ ਤੋਂ ਗ੍ਰਿਫ਼ਤਾਰ ਕੀਤਾ। ਪੁਲਿਸ ਨੇ ਦੋਸ਼ੀਆਂ ਪਾਸੋਂ ਮ੍ਰਿਤਕ ਦਾ ਆਈਫ਼ੋਨ-14, ਚਾਂਦੀ ਦਾ ਕੜਾ, ਚੈਨੀ ਅਤੇ ਵਾਰਦਾਤ ਵਿੱਚ ਵਰਤਿਆ ਮੋਟਰਸਾਈਕਲ ਵੀ ਬਰਾਮਦ ਕਰ ਲਿਆ ਹੈ।
ਡੀ.ਐਸ.ਪੀ. ਨੇ ਅੱਗੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਦੂਜੇ ਮੁਲਜ਼ਮ ਸਤਨਾਮ ਸਿੰਘ ਦਾ ਅਪਰਾਧਿਕ ਪਿਛੋਕੜ ਹੈ, ਜਿਸ 'ਤੇ ਪਹਿਲਾਂ ਵੀ ਕਤਲ ਅਤੇ ਨਸ਼ਾ ਤਸਕਰੀ (NDPS) ਦੇ ਸੰਗੀਨ ਮਾਮਲੇ ਦਰਜ ਹਨ। ਮਾਣਯੋਗ ਅਦਾਲਤ ਵੱਲੋਂ ਦੋਸ਼ੀਆਂ ਦਾ 5 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ, ਜਿਸ ਦੌਰਾਨ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।