Sunday, 11th of January 2026

Re-Election at 16 Booths, 16 ਬੂਥਾਂ ’ਤੇ ਮੁੜ ਹੋਵੇਗੀ ਚੋਣ : EC

Reported by: Sukhjinder Singh  |  Edited by: Jitendra Baghel  |  December 15th 2025 12:08 PM  |  Updated: December 15th 2025 12:08 PM
Re-Election at 16 Booths, 16 ਬੂਥਾਂ ’ਤੇ ਮੁੜ ਹੋਵੇਗੀ ਚੋਣ : EC

Re-Election at 16 Booths, 16 ਬੂਥਾਂ ’ਤੇ ਮੁੜ ਹੋਵੇਗੀ ਚੋਣ : EC

ਪੰਜਾਬ ’ਚ ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸਮਿਤੀ ਚੋਣਾਂ ਲਈ 16 ਪੋਲਿੰਗ ਬੂਥਾਂ ’ਤੇ 16 ਦਸੰਬਰ ਨੂੰ ਪੋਲਿੰਗ ਮੁੜ ਕਰਵਾਉਣ ਦਾ ਫ਼ੈਸਲਾ ਕੀਤਾ ਹੈ। ਮੁਕਤਸਰ ਸਾਹਿਬ ਦੇ ਪਿੰਡ ਬਬਾਨੀਆ ਦੇ ਬੂਥ ਨੰਬਰ 63 ਤੇ 64 ਅਤੇ ਪਿੰਡ ਮਧੀਰ ਦੇ ਬੂਥ ਨੰਬਰ 21 ਤੇ 22 ’ਚ ਮੁੜ ਚੋਣ ਹੋਵੇਗੀ। ਜਲੰਧਰ ਦੇ ਪਿੰਡ ਭੋਗਪੁਰ ਦੇ ਪੰਚਾਇਤ ਸਮਿਤੀ ਦੇ ਜ਼ੋਨ ਨੰਬਰ ਸੱਤ ’ਚ ਪੈਂਦੇ ਬੂਥ ਨੰਬਰ 72 ਅਤੇ ਗੁਰਦਾਸਪੁਰ ਦੇ ਪਿੰਡ ਚਾਹੀਆ ਦੇ ਬੂਥ ਨੰਬਰ 124 ’ਚ ਵੀ ਮੁੜ ਚੋਣ ਹੋਵੇਗੀ। ਬਰਨਾਲਾ ਜ਼ਿਲ੍ਹੇ ਦੇ ਚੰਨਣਵਾਲ ਜ਼ੋਨ ਦੇ ਪਿੰਡ ਰਾਇਸਰ ਬਰਨਾਲਾ ਦੇ ਬੂਥ ਨੰਬਰ 20 ’ਚ ਮੁੜ ਚੋਣ ਹੋਵੇਗੀ। ਪੰਚਾਇਤ ਸਮਿਤੀ ਅਟਾਰੀ ਦੇ ਪਿੰਡ ਖਾਸਾ ਦੇ ਬੂਥ ਨੰਬਰ 52 ਤੋਂ 55 ਤੱਕ ਅਤੇ ਪਿੰਡ ਵਰਪਾਲ ਕਲਾਂ ਦੇ ਬੂਥ ਨੰਬਰ 90 ਤੋਂ 95 ਤੱਕ ਦੀ ਚੋਣ ਵੀ ਮੁੜ ਹੋਵੇਗੀ। ਪੰਜਾਬ ਰਾਜ ਚੋਣ ਕਮਿਸ਼ਨ ਨੇ ਪ੍ਰੀਜ਼ਾਈਡਿੰਗ ਅਫ਼ਸਰਾਂ ਤੋਂ ਰਿਪੋਰਟਾਂ ਮਿਲਣ ਉਪਰੰਤ ਮੁੜ ਪੋਲਿੰਗ ਕਰਵਾਉਣ ਦਾ ਫੈਸਲਾ ਕੀਤਾ ਹੈ ।

ਦੱਸ ਦਈਏ ਕਿ ਮੁੜ ਪੋਲਿੰਗ 16 ਦਸੰਬਰ 2025 ਨੂੰ ਸਵੇਰੇ 08:00 ਵਜੇ ਤੋਂ ਸ਼ਾਮ 04:00 ਵਜੇ ਤੱਕ ਹੋਵੇਗੀ। ਇਨ੍ਹਾਂ ਦੀ ਗਿਣਤੀ 17 ਦਸੰਬਰ 2025 ਨੂੰ ਆਮ ਗਿਣਤੀ ਦੇ ਨਾਲ ਕੀਤੀ ਜਾਵੇਗੀ।

ਚੋਣ ਕਮਿਸ਼ਨ ਨੇ ਪਿੰਡ ਚਾਹੀਆ ਦੇ ਪ੍ਰੀਜ਼ਾਈਡਿੰਗ ਅਫਸਰ ਰਜਨੀ ਪ੍ਰਕਾਸ਼ ਨੂੰ ਸ਼ਿਕਾਇਤਾਂ ਮਿਲਣ ਉਪਰੰਤ ਤਬਦੀਲ ਕਰ ਦਿੱਤਾ ਸੀ ਅਤੇ ਨਵਾਂ ਪ੍ਰੀਜ਼ਾਈਡਿੰਗ ਅਫ਼ਸਰ ਤਾਇਨਾਤ ਕੀਤਾ। ਰਜਨੀ ਪ੍ਰਕਾਸ਼ ’ਤੇ ਬੈਲਟ ਬਕਸਾ ਲੈ ਕੇ ਫ਼ਰਾਰ ਹੋਣ ਦਾ ਇਲਜ਼ਾਮ ਸੀ। ਚੋਣ ਕਮਿਸ਼ਨ ਨੇ ਇਸ ਪ੍ਰੀਜ਼ਾਈਡਿੰਗ ਅਫ਼ਸਰ ਖ਼ਿਲਾਫ਼ ਕਾਰਵਾਈ ਕਰਨ ਦਾ ਫ਼ੈਸਲਾ ਕੀਤਾ ਹੈ। ਬਰਨਾਲਾ ਦੇ ਪਿੰਡ ਰਾਇਸਰ ਪਟਿਆਲਾ ’ਚ ਬੈਲਟ ਪੇਪਰ ’ਤੇ ਸ਼੍ਰੋਮਣੀ ਅਕਾਲੀ ਦਲ ਦਾ ਚੋਣ ਨਿਸ਼ਾਨ ਨਹੀਂ ਸੀ। ਅੰਮ੍ਰਿਤਸਰ ਦੇ ਪਿੰਡ ਖਾਸਾ ’ਚ ਵੀ ਬੈਲਟ ਪੇਪਰ ’ਤੇ ਗਲਤ ਚੋਣ ਨਿਸ਼ਾਨ ਛਪਣ ਦੀਆਂ ਖ਼ਬਰਾਂ ਵੀ ਸਾਹਮਣੇ ਆਈਆਂ ਹਨ। ਇਸੇ ਤਰ੍ਹਾਂ ਅਟਾਰੀ ਹਲਕੇ ਦੇ ਪਿੰਡ ਵਰਪਾਲ ’ਚ ਬੈਲਟ ਪੇਪਰ ’ਚ ਕੁੱਝ ਗ਼ਲਤੀਆਂ ਦੀ ਗੱਲ ਸਾਹਮਣੇ ਆਈ ਸੀ। ਚੋਣਾਂ ਦੌਰਾਨ ਕਈ ਥਾਵਾਂ ਉੱਤੇ ਝੜਪਾਂ ਹੋਈਆਂ ਹਨ ਅਤੇ ਪਾਰਟੀਆਂ ਨੇ ਇੱਕ ਦੂਜੇ ਉੱਤੇ ਹਮਲਾ ਕਰਨ ਦੇ ਇਲਜ਼ਾਮ ਲਗਾਏ ਹਨ। ਇਨ੍ਹਾਂ ਝੜਪਾਂ ਦੌਰਾਨ ਕਈ ਥਾਵਾਂ ਉੱਤੇ ਲੋਕ ਜ਼ਖ਼ਮੀ ਵੀ ਹੋਏ ਹਨ।