ਪੰਜਾਬ ਦੇ ਕਈ ਇਲਾਕਿਆਂ ਵਿੱਚ ਸੰਘਣੀ ਧੁੰਦ ਅਤੇ ਠੰਡ ਦਾ ਅਸਰ ਵੇਖਣ ਨੂੰ ਮਿਲਿਆ ਹੈ। ਸੰਘਣੀ ਧੁੰਦ ਕਾਰਨ ਹਾਦਸੇ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਫਿਰੋਜ਼ਪੁਰ ਦੇ ਕਸਬਾ ਮਮਦੋਟ 'ਚ ਵੀ ਸੰਘਣੀ ਧੁੰਦ ਅਤੇ ਮਿੱਟੀ ਦੀ ਤਿਲਕਣ ਕਾਰਨ ਕਈ ਵਾਹਨ ਹਾਦਸਾਗ੍ਰਸਤ ਹੋ ਗਏ। ਇਸ ਦੌਰਾਨ 5 ਮਿੰਟਾਂ ਵਿੱਚ ਹੀ 10 ਦੇ ਕਰੀਬ ਮੋਟਰਸਾਈਕਲ ਤੇ ਹੋਰ ਵਾਹਨ ਤਿਲਕ ਗਏ, ਜਿਸ ਨਾਲ ਕਈ ਲੋਕ ਫੱਟੜ ਹੋਏ ਹਨ। ਲੋਕਾਂ ਨੇ ਸੜਕ 'ਤੇ ਰੁੱਕ ਕੇ ਰਾਹਗੀਰਾਂ ਨੂੰ ਇਸ ਸੜਕ ਤੋਂ ਲੰਘਣ ਲੱਗਿਆਂ ਖ਼ਾਸ ਅਹਿਤਿਆਤ ਵਰਤਣ ਦੀ ਅਪੀਲ ਕੀਤੀ।
ਮੌਕੇ 'ਤੇ ਖੜ੍ਹੇ ਲੋਕਾਂ ਅਨੁਸਾਰ ਫਿਰੋਜ਼ਪੁਰ ਮਮਦੋਟ-ਖਾਈ ਲਿੰਕ ਰੋਡ 'ਤੇ ਸਥਿਤ ਟੀਮ ਪੁਆਇੰਟ ਤੇ ਸੰਘਣੀ ਧੁੰਦ ਦੇ ਚਲਦਿਆਂ ਮੋਟਰਸਾਇਕਲ ਇਕ-ਦੂਜੇ ਦੇ ਪਿੱਛੇ ਆ ਟਕਰਾਏ, ਜਿਸ ਵਿਚ ਲੋਕਾਂ ਦੇ ਵਾਹਨ ਵੀ ਕਾਫੀ ਨੁਕਸਾਨੇ ਗਏ ਅਤੇ ਸੱਟਾਂ ਵੀ ਲੱਗੀਆਂ। ਲੋਕਾਂ ਦੇ ਅਨੁਸਾਰ ਟੀ-ਪੁਆਇੰਟ 'ਤੇ ਤਿੱਖੇ ਮੋੜ ਹੋਣ ਕਾਰਨ ਅਤੇ ਭੱਠੇ ਦੀ ਮਿੱਟੀ ਦੀ ਤਿਲਕਣ ਕਾਰਨ ਇਹ ਵਾਹਨ ਹਾਦਸਾਗ੍ਰਸਤ ਹੋਏ ਹਨ। ਉਨ੍ਹਾਂ ਨੇ ਦੱਸਿਆ ਕਿ ਪਿੱਛੋਂ ਦੂਰੋਂ ਆ ਰਹੇ ਵਾਹਨਾਂ ਨੂੰ ਰੋਕਣ ਦੀ ਕਾਫੀ ਕੋਸ਼ਿਸ਼ ਕੀਤੀ ਗਈ ਪਰ ਤਿਲਕਣ ਹੋਣ ਦੇ ਕਾਰਨ ਬ੍ਰੇਕਾਂ ਨਹੀਂ ਲੱਗਿਆ ਅਤੇ ਵਾਹਨ ਆਪਸ ਵਿੱਚ ਟਕਰਾ ਗਏ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਸੜਕ ਤੋਂ ਲੰਘਣ ਲੱਗਿਆਂ ਖ਼ਾਸ ਧਿਆਨ ਰੱਖਣ, ਤਾਂ ਜੋ ਕੋਈ ਹਾਦਸਾ ਨਾ ਵਾਪਰੇ।