ਪੰਜਾਬ ਕਾਂਗਰਸ ਦੇ ਅੰਦਰੂਨੀ ਕਲੇਸ਼ ਵਿਚਾਲੇ ਹੁਣ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਐਂਟਰੀ ਹੋ ਗਈ ਹੈ । ਪਤਨੀ ਡਾ.ਨਵਜੋਤ ਕੌਰ ਸਿੱਧੂ ਦੇ ਬਿਆਨਾਂ 'ਤੇ ਵਿਵਾਦ ਹੋਣ ਤੋਂ ਬਾਅਦ ਹੁਣ ਸਿੱਧੂ 19 ਦਸੰਬਰ ਨੂੰ ਪ੍ਰਿਅੰਕਾ ਗਾਂਧੀ ਨਾਲ ਮੁਲਾਕਾਤ ਕਰਨਗੇ । ਨਵਜੋਤ ਸਿੱਧੂ ਨੇ ਇਸਦੇ ਲਈ ਸਮਾਂ ਮੰਗਿਆ ਸੀ । ਹਾਲਾਂਕਿ ਸਿੱਧੂ ਬੁੱਧਵਾਰ ਨੂੰ ਵੀ ਦਿੱਲੀ ਪਹੁੰਚੇ ਸੀ ਪਰ ਸੰਸਦ ਦੇ ਸਰਦਰੁੱਤ ਇਜਲਾਸ ਕਾਰਨ ਹਾਈਕਮਾਨ ਦੇ ਨੇਤਾਵਾ ਨਾਲ ਮੁਲਾਕਾਤ ਨਹੀਂ ਹੋ ਪਾਈ ਸੀ । ਸਿੱਧੂ ਹਾਈਕਮਾਨ ਨੂੰ ਕਿਸੇ ਵੀ ਕਾਰਵਾਈ ਤੋਂ ਪਹਿਲਾਂ ਆਪਣਾ ਪੱਖ ਰੱਖਣਾ ਚਾਹੁੰਦੇ ਹਨ।
ਦੂਜੇ ਪਾਸੇ ਕਾਂਗਰਸ ਹਾਈਕਮਾਨ ਨੇ ਡਾ.ਨਵਜੋਤ ਕੌਰ ਸਿੱਧੂ ਦੇ 500 ਕਰੋੜ ਰੁਪਏ ਵਿੱਚ ਸੀਐੱਮ ਵਾਲੇ ਬਿਆਨ ਦੀ ਜਾਂਚ ਲਈ ਹਾਈਲੈੱਵਲ ਕਮੇਟੀ ਗਠਿਤ ਕਰ ਦਿੱਤੀ ਹੈ । ਇਸ ਦੀ ਅਗਵਾਈ ਪਾਰਟੀ ਦੇ ਪੰਜਾਬ ਇੰਚਾਰਜ ਭੁਪੇਸ਼ ਬਘੇਲ ਕਰਨਗੇ । ਬਾਕੀ ਮੈਂਬਰਾਂ ਬਾਰੇ ਹਾਲੇ ਕੋਈ ਖੁਲਾਸਾ ਨਹੀਂ ਕੀਤਾ ਗਿਆ ਹੈ।

ਹਾਈਕਮਾਨ ਨੇ ਨਵਜੋਤ ਕੌਰ ਦੇ ਬਿਆਨਾਂ ਨੂੰ ਗੰਭੀਰਤਾ ਨਾਲ ਲਿਆ ਹੈ। ਕਾਂਗਰਸ ਹਾਈਕਮਾਨ ਨੇ ਪਾਰਟੀ ਪੰਜਾਬ ਦੇ ਇੰਚਾਰਜ ਭੁਪੇਸ਼ ਬਘੇਲ ਤੋਂ ਡਿਟੇਲ ਰਿਪੋਰਟ ਤਲਬ ਕੀਤੀ ਹੈ । 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਵਿੱਚ ਇਸ ਤਰ੍ਹਾਂ ਦੇ ਕਲੇਸ਼ ਤੋਂ ਹਾਈਕਮਾਨ ਨਰਾਜ਼ ਹੈ । ਅਜਿਹੇ ਵਿੱਚ ਮੰਨਿਆ ਜਾ ਰਿਹਾ ਕਿ ਕਾਂਗਰਸ ਹਾਈਕਮਾਨ ਨੇ ਸਖਤੀ ਦਿਖਾਈ ਤਾਂ ਨਵਜੋਤ ਕੌਰ ਸਿੱਧੂ ਦੀ ਕਾਂਗਰਸ ਵਿੱਚੋ ਛੁੱਟੀ ਵੀ ਹੋ ਸਕਦੀ ਹੈ।
ਹਾਲੇ ਤੱਕ ਉਹਨਾਂ ਦੇ ਪਤੀ ਨਵਜੋਤ ਸਿੱਧੂ ਨੇ ਇਸ 'ਤੇ ਕੋਈ ਰਿਐਕਸ਼ਨ ਨਹੀਂ ਦਿੱਤਾ। ਸਿੱਧੂ ਦੇ ਅੰਮ੍ਰਿਤਸਰ ਆਉਣ ਅਤੇ ਫਿਰ ਮੁੰਬਈ ਜਾਣ ਦੀਆਂ ਖਬਰਾਂ ਸਾਹਮਣੇ ਆਈਆਂ ਪਰ ਉਹ ਮੀਡੀਆ ਦੇ ਸਾਹਮਣੇ ਨਹੀਂ ਆਏ। ਪੰਜਾਬ ਦੀ ਸਿਆਸਤ ਤੋਂ ਦੂਰ ਸਿੱਧੂ ਪਹਿਲਾਂ ਸੋਸ਼ਲ ਮੀਡੀਆ ਦੇ ਜ਼ਰੀਏ ਬੇਝਿਜਕ ਬਿਆਨ ਦਿੰਦੇ ਸੀ। ਪਰ ਹਾਲੇ ਇਸ ਪੂਰੇ ਮਾਮਲੇ 'ਤੇ ਉਹ ਖਾਮੋਸ਼ ਹਨ ।
ਦੱਸ ਦਈਏ ਕਿ ਡਾ.ਨਵਜੋਤ ਕੌਰ ਸਿੱਧੂ ਨੂੰ ਪਾਰਟੀ ਤੋਂ ਸਸਪੈਂਡ ਵੀ ਕਰ ਦਿੱਤਾ ਗਿਆ।
ਨਵਜੋਤ ਕੌਰ ਸਿੱਧੂ ਨੇ ਕਾਂਗਰਸੀ ਸਾਂਸਦ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਭੇਜੇ ਗਏ ਕਾਨੂੰਨੀ ਨੋਟਿਸ ਨੂੰ ਤੱਥਹੀਣ ਅਤੇ ਕਾਨੂੰਨੀ ਤੌਰ ’ਤੇ ਗਲਤ ਕਰਾਰ ਦਿੰਦਿਆਂ ਮੁੱਢੋਂ ਰੱਦ ਕਰ ਦਿੱਤਾ ਹੈ। ਆਪਣੇ ਵਕੀਲ ਰਾਹੀਂ ਭੇਜੇ ਜਵਾਬ ਵਿੱਚ ਨਵਜੋਤ ਕੌਰ ਨੇ ਰੰਧਾਵਾ ਨੂੰ ਨੋਟਿਸ ਵਾਪਸ ਲੈਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਨਹੀਂ ਤਾਂ ਉਹ ਤੰਗ-ਪ੍ਰੇਸ਼ਾਨ ਕਰਨ ਅਤੇ ਝੂਠੇ ਦੋਸ਼ ਲਾਉਣ ਬਦਲੇ ਜਵਾਬੀ ਕੇਸ ਕਰਨਗੇ। ਚੇਤਾ ਰਹੇ ਹੈ ਕਿ ਰੰਧਾਵਾ ਨੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਲਈ ਨਵਜੋਤ ਕੌਰ ਤੋਂ ਮੁਆਫ਼ੀ ਦੀ ਮੰਗ ਕੀਤੀ ਸੀ।