ਅੰਮ੍ਰਿਤਸਰ ਦੇ ਚੱਕੀ ਵਾਲੀ ਗਲੀ ਨੰਬਰ 2 ’ਚ ਇੱਕ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਤਿੰਨ ਅਣਪਛਾਤੇ ਵਿਅਕਤੀਆਂ ਨੇ 22 ਸਾਲਾ ਨੌਜਵਾਨ 'ਤੇ ਕਿਰਪਾਨਾਂ ਨਾਲ ਹਮਲਾ ਕਰਕੇ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ । ਮ੍ਰਿਤਕ ਅਜੈਪਾਲ ਦੇ ਪਰਿਵਾਰ ਮੁਤਾਬਕ ਇਹ ਘਟਨਾ ਨਾਜਾਇਜ਼ ਰਿਸ਼ਤੇ ਕਾਰਨ ਵਾਪਰੀ ਹੈ ਜਿਸ ਕਾਰਨ ਇਸਨੂੰ ਆਪਣੀ ਜਾਨ ਗਵਾਉਣੀ ਪਈ । ਕਤਲ ਦੀ ਵਾਰਦਾਤ ਤੋਂ ਬਾਅਦ ਸਥਾਨਕ ਇਲਾਕੇ ’ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।
ਪਰਿਵਾਰ ਮੁਤਾਬਕ ਮਾਮਲਾ ਘਰੇਲੂ ਰਿਸ਼ਤਿਆਂ ਨੂੰ ਲੈ ਕੇ ਚੱਲ ਰਹੇ ਵਿਵਾਦ ਤੋਂ ਸ਼ੁਰੂ ਹੋਇਆ । ਮ੍ਰਿਤਕ ਦੀ ਭੈਣ ਦੇ ਪਤੀ ਹੈਪੀ ਮਸੀਹ ਦੇ ਕਿਸੇ ਔਰਤ ਨਾਲ ਨਾਜਾਇਜ਼ ਸਬੰਧ ਹੋਣ ਦੀ ਗੱਲ ਸਾਹਮਣੇ ਆਉਣ ਤੋਂ ਬਾਅਦ ਪਰਿਵਾਰਕ ਤਣਾਅ ਵਧ ਗਿਆ ਸੀ । ਪਰਿਵਾਰ ਮੁਤਾਬਕ ਅਜੈਪਾਲ ਆਪਣੀ ਮਾਂ ਅਤੇ ਭੈਣ ਦੇ ਨਾਲ ਰੂਪਾ ਦੇ ਘਰ ਗਿਆ ਸੀ ਤਾਂ ਜੋ ਮਾਮਲੇ ਨੂੰ ਸ਼ਾਂਤੀ ਨਾਲ ਹੱਲ ਕੀਤਾ ਜਾ ਸਕੇ । ਪੀੜਤ ਪਰਿਵਾਰ ਨੇ ਦੱਸਿਆ ਕਿ ਰੂਪਾ ਦੇ ਘਰ ਇੱਕ ਨਿਹੰਗ ਸਿੰਘ ਰਹਿੰਦਾ ਹੈ ਜਿਸ ਨੇ ਦੋ ਹੋਰ ਅਣਪਛਾਤੇ ਵਿਅਕਤੀਆਂ ਨੂੰ ਸੱਦਿਆ । ਤਿੰਨਾਂ ਨੇ ਮਿਲ ਕੇ ਅਜੈਪਾਲ ਨੂੰ ਧਮਕੀਆਂ ਦਿੱਤੀਆਂ ਅਤੇ ਅਚਾਨਕ ਕਿਰਪਾਨਾਂ ਨਾਲ ਉਸ 'ਤੇ ਹਮਲਾ ਕਰ ਦਿੱਤਾ । ਪਰਿਵਾਰ ਨੇ ਦੋਸ਼ ਲਾਇਆ ਕਿ ਨਿਹੰਗ ਸਿੰਘਾਂ ਨੇ ਪਹਿਲਾਂ ਮਾਂ ਤੇ ਭੈਣ ਨਾਲ ਵੀ ਹੱਥਾਪਾਈ ਕੀਤੀ ਤੇ ਫਿਰ ਅਜੈਪਾਲ ਦਾ ਪਿੱਛਾ ਕਰਕੇ ਉਸਦੀ ਤਲਵਾਰ ਨਾਲ ਹੱਤਿਆ ਕਰ ਦਿੱਤੀ।
ਪਰਿਵਾਰ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ । ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪਰਿਵਾਰ ਨੇ ਮੁਲਜ਼ਮਾਂ ਨੂੰ ਫੌਰੀ ਗ੍ਰਿਫ਼ਤਾਰ ਕਰਨ ਅਤੇ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ ਹੈ।