ਅਜਨਾਲਾ ਵਿਖੇ ਸਾਂਸਦ ਗੁਰਜੀਤ ਸਿੰਘ ਔਜਲਾ ਵੱਲੋਂ ਇੱਕ ਅਹਿਮ ਪ੍ਰੈਸ ਕਾਨਫਰੰਸ ਕੀਤੀ ਗਈ। ਪ੍ਰੈਸ ਕਾਨਫਰੰਸ ਦੌਰਾਨ ਔਜਲਾ ਨੇ ਕੇਂਦਰ ਸਰਕਾਰ ਵੱਲੋਂ ਅੰਮ੍ਰਿਤਸਰ ‘ਚ ਬਣ ਰਹੇ ਨੈਸ਼ਨਲ ਹਾਈਵੇ ਪ੍ਰੋਜੈਕਟ ਨਾਲ ਜੁੜੇ ਮਸਲੇ ਨੂੰ ਲੈ ਕੇ ਗੰਭੀਰ ਸਵਾਲ ਖੜੇ ਕੀਤੇ।
ਸਾਂਸਦ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਨੈਸ਼ਨਲ ਹਾਈਵੇ ਪ੍ਰੋਜੈਕਟ ਲਈ ਵੱਖ-ਵੱਖ ਜਗ੍ਹਾ ‘ਚੋਂ ਮਿੱਟੀ ਪੁੱਟੀ ਜਾ ਰਹੀ ਹੈ, ਪਰ ਅਜਨਾਲਾ ਦੇ ਪਿੰਡ ਸੁਧਾਰ ਵਿੱਚ ਸਰਪੰਚ ਨਿਸ਼ਾਨ ਸਿੰਘ ਕੋਲ ਪੂਰੀ ਐਨ.ਓ.ਸੀ ਹੋਣ ਦੇ ਬਾਵਜੂਦ ਵੀ ਮਿੱਟੀ ਨਹੀਂ ਪੁੱਟਣ ਦਿੱਤੀ ਜਾ ਰਹੀ।
ਗੁਰਜੀਤ ਔਜਲਾ ਨੇ ਆਰੋਪ ਲਗਾਇਆ ਕਿ ਪਿੰਡ ਦੇ ਹੀ ਕੁਝ ਲੋਕ ਜ਼ਮੀਨ ‘ਤੇ ਆ ਕੇ ਗੁੰਡਾਗਰਦੀ ਕਰ ਰਹੇ ਹਨ ਅਤੇ ਜਾਣਬੁੱਝ ਕੇ ਕੰਮ ਰੁਕਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਸਭ ਕੁਝ ਵਿਧਾਇਕ ਕੁਲਦੀਪ ਧਾਲੀਵਾਲ ਦੀ ਸਹਿ ‘ਤੇ ਕੀਤਾ ਜਾ ਰਿਹਾ ਹੈ।
ਸਾਂਸਦ ਔਜਲਾ ਨੇ ਸਖ਼ਤ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਜ਼ਮੀਨ ‘ਚ ਕਿਸੇ ਵੀ ਤਰ੍ਹਾਂ ਦੀ ਲੜਾਈ ਜਾਂ ਅਣ ਸੁਖਾਵੀ ਘਟਨਾ ਵਾਪਰਦੀ ਹੈ, ਤਾਂ ਇਸ ਦੀ ਪੂਰੀ ਜ਼ਿੰਮੇਵਾਰੀ ਪੁਲਿਸ ਪ੍ਰਸ਼ਾਸਨ, ਸੰਬੰਧਤ ਲੋਕਾਂ ਅਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਦੀ ਹੋਵੇਗੀ। ਫ਼ਿਲਹਾਲ ਇਸ ਮਾਮਲੇ ਨੇ ਸਿਆਸੀ ਤੌਰ ‘ਤੇ ਤੂਲ ਫੜ ਲਿਆ ਹੈ ਅਤੇ ਹੁਣ ਦੇਖਣਾ ਇਹ ਹੋਵੇਗਾ ਕਿ ਪ੍ਰਸ਼ਾਸਨ ਅਤੇ ਸਰਕਾਰ ਇਸ ‘ਤੇ ਕੀ ਕਾਰਵਾਈ ਕਰਦੀ ਹੈ।