ਪੰਜਾਬ ਪੁਲਿਸ ਨੇ ਮੋਹਾਲੀ ਵਿੱਚ ਕਾਰਵਾਈ ਕਰਦੇ ਹੋਏ ਵੱਡੇ ਪੱਧਰ 'ਤੇ ਚੱਲ ਰਹੇ ਗੋਰਖ ਧੰਦੇ ਦਾ ਪਰਦਾਫਾਸ਼ ਕੀਤਾ ਹੈ। ਇਸ ਦੌਰਾਨ ਪੁਲਿਸ ਨੇ 6 ਲੋਕਾਂ ਨੂੰ ਵੀ ਗ੍ਰਿਫਤਾਰ ਕੀਤਾ ਹੈ, ਜੋ ਕਿ ਸਪਾ ਸੈਂਟਰ ਦੇ ਨਾਂਅ ਉੱਤੇ ਦੇਹ ਵਪਾਰ ਕਰ ਰਹੇ ਸਨ। ਇਨ੍ਹਾਂ ਵਿੱਚੋਂ 5 ਕੁੜੀਆਂ ਹਨ ਜੋ ਕਿ ਦੇਹ ਵਪਾਰ ਵਿੱਚ ਸ਼ਾਮਲ ਸਨ ਅਤੇ ਇੱਕ ਸਪਾ ਸੈਂਟਰ ਦਾ ਸੰਚਾਲਕ ਹੈ।
ਪੰਜਾਬ ਪੁਲਿਸ ਨੇ ਸ਼ਿਕਾਇਤ ਦੇ ਆਧਰ ਉੱਤੇ ਇਹ ਕਾਰਵਾਈ ਕੀਤੀ ਹੈ, ਇਹ ਸਪਾ ਸੈਂਟਰ ਜ਼ੀਰਕਪੁਰ ਵਿੱਚ ਚੱਲ ਰਿਹਾ ਸੀ। ਇਸ ਦੌਰਾਨ ਡਿਊਟੀ ਮੈਜਿਸਟ੍ਰੇਟ ਦੀ ਹਾਜ਼ਰੀ ਵਿੱਚ ਸਪਾ ਸੈਂਟਰ ਨੂੰ ਸੀਲ ਕਰ ਦਿੱਤਾ ਗਿਆ ਹੈ। ਐਫਆਈਆਰ ਵਿੱਚ ਨਾ ਸਿਰਫ਼ ਸਪਾ ਸੈਂਟਰ ਦੇ ਮਾਲਕ ਦਾ ਨਾਮ ਸ਼ਾਮਲ ਹੈ, ਸਗੋਂ ਇਮਾਰਤ ਦੇ ਮਾਲਕ ਦਾ ਨਾਮ ਵੀ ਸ਼ਾਮਲ ਹੈ, ਤਾਂ ਜੋ ਅਜਿਹੀਆਂ ਘਟਨਾਵਾਂ ਨੂੰ ਦੁਬਾਰਾ ਹੋਣ ਤੋਂ ਰੋਕਿਆ ਜਾ ਸਕੇ।
ਜਾਂਚ ਅਧਿਕਾਰੀ ਇੰਸਪੈਕਟਰ ਨਰਿੰਦਰ ਨੇ ਦੱਸਿਆ ਕਿ ਜਦ ਉਹ ਨਾਕੇ 'ਤੇ ਸਨ ਤਾਂ ਉਨ੍ਹਾਂ ਨੂੰ ਦੇਹ ਵਪਾਰ ਬਾਰੇ ਪਤਾ ਲੱਗਿਆ ਸੀ। ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਨੂੰ ਪਤਾ ਲੱਗਿਆ ਕਿ ਕੁੜੀਆਂ ਆਪਣੀ ਮਰਜ਼ੀ ਨਾਲ ਇਸ ਗਤੀਵਿਧੀ ਵਿੱਚ ਹਿੱਸਾ ਲੈ ਰਹੀਆਂ ਸਨ। ਉਨ੍ਹਾਂ ਨੂੰ ਪੱਕੀ ਜਾਣਕਾਰੀ ਸੀ ਕਿ ਇਹ ਗਤੀਵਿਧੀ ਪੂਰੇ ਜ਼ੋਰਾਂ 'ਤੇ ਚੱਲ ਰਹੀ ਹੈ। ਇਸ ਦੌਰਾਨ SP ਨੇ ਕਿਹਾ ਕਿ ਉਨ੍ਹਾਂ ਵੱਲੋਂ ਅੱਗੇ ਤੋਂ ਵੀ ਸ਼ਰਾਰਤੀ ਅਨਸਰਾਂ ਦੇ ਖਿਲਾਫ ਕਾਰਵਾਈ ਜਾਰੀ ਰਹੇਗੀ, ਤਾਂ ਜੋ ਸਮਾਜ ਵਿੱਚ ਅਜਿਹੀ ਗੰਦਗੀ ਫੈਲਣ ਤੋਂ ਰੋਕਿਆ ਜਾ ਸਕੇ।