ਮਾਨਸਾ ਪੁਲਿਸ ਨੇ ਇੱਕ ਕੀਟਨਾਸ਼ਕ ਡੀਲਰ ਦੀ ਦੁਕਾਨ ’ਤੇ 28 ਅਕਤੂਬਰ ਨੂੰ ਦਿਨ-ਦਿਹਾੜੇ ਹੋਈ ਗੋਲੀਬਾਰੀ ਦੇ ਮਾਮਲੇ ਨੂੰ ਸੁਲਝਾਉਣ ਦਾ ਦਾਅਵਾ ਕੀਤਾ ਹੈ । ਪੁਲਿਸ ਨੇ ਖੁਲਾਸਾ ਕੀਤਾ ਹੈ ਕਿ ਇਹ ਘਟਨਾ ਕੈਨੇਡਾ ਦੇ ਸਰੀ ਵਿੱਚ ਪੀੜਤ ਦੇ ਪੁੱਤਰ ਅਤੇ ਇੱਕ ਵਿਰੋਧੀ ਵਿਦਿਆਰਥੀ ਗਰੁੱਪ ਵਿਚਕਾਰ ਚੋਣਾਂ ਨਾਲ ਸਬੰਧਤ ਦੁਸ਼ਮਣੀ ਦਾ ਨਤੀਜਾ ਸੀ।
ਐੱਸਐੱਸਪੀ ਮੁਤਾਬਕ ਦੁਕਾਨਦਾਰ ਸਤੀਸ਼ ਕੁਮਾਰ ਉਰਫ਼ ਨੀਟੂ ਦੇ ਪੁੱਤਰ ਨੇ ਕੈਨੇਡਾ ਦੇ ਸਰੀ ਵਿੱਚ ਇੱਕ ਯੂਨੀਵਰਸਿਟੀ ਵਿੱਚ ਵਿਦਿਆਰਥੀ ਕੌਂਸਲ ਦੇ ਉਪ-ਪ੍ਰਧਾਨ ਦੀ ਚੋਣ ਲੜੀ ਸੀ, ਜਿਸ ਕਾਰਨ ਸ਼ਰਨਜੀਤ ਸਿੰਘ ਔਲਖ ਦੀ ਅਗਵਾਈ ਵਾਲੇ ਇੱਕ ਵਿਰੋਧੀ ਧੜੇ ਨਾਲ ਦੁਸ਼ਮਣੀ ਹੋ ਗਈ ।

ਐਸਐਸਪੀ ਨੇ ਕਿਹਾ, ਉਸ ਦੇ ਪੁੱਤਰ ਦੇ ਗਰੁੱਪ ਦੇ ਵਿਰੋਧੀ ਧੜੇ ਨੇ ਇੱਕ ਸ਼ੂਟਰ, ਗੁਰਸਾਹਿਬ ਸਿੰਘ ਨੂੰ ਭਾੜੇ ’ਤੇ ਲੈ ਕੇ ਅਤੇ ਆਪਣੇ ਸਥਾਨਕ ਸੰਪਰਕਾਂ ਦੀ ਮਦਦ ਨਾਲ ਗੋਲੀਬਾਰੀ ਦੀ ਸਾਜ਼ਿਸ਼ ਰਚੀ।
ਐੱਸਐੱਸਪੀ ਨੇ ਭਾਗੀਰਥ ਮੀਨਾ ਨੇ ਦੱਸਿਆ ਕਿ ਹੁਣ ਜਲੰਧਰ ਜ਼ਿਲ੍ਹੇ ਦੇ ਮਸਾਣੀ ਪਿੰਡ ਦੇ ਰਹਿਣ ਵਾਲੇ ਚੌਥੇ ਮੁਲਜ਼ਮ ਮਨਜੋਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ । ਉਸ ਕੋਲੋਂ .32 ਬੋਰ ਅਤੇ ਇੱਕ ਜ਼ਿਗਾਨਾ ਸਮੇਤ ਦੋ ਪਿਸਤੌਲ ਅਤੇ ਛੇ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ । ਮਨਜੋਤ ਅਤੇ ਬਟਾਲਾ ਦੇ ਰਾਜਨ ਭਗਤ ਖ਼ਿਲਾਫ਼ ਗੁਰਸਾਹਿਬ ਦੇ ਬਿਆਨ 'ਤੇ ਮਾਮਲਾ ਦਰਜ ਕੀਤਾ ਗਿਆ ਹੈ । ਹਾਲਾਂਕਿ ਰਾਜਨ ਨੂੰ ਅਜੇ ਗ੍ਰਿਫ਼ਤਾਰ ਕਰਨਾ ਬਾਕੀ ਹੈ।
ਐੱਸਐੱਸਪੀ ਨੇ ਕਿਹਾ ਮਾਮਲੇ ਵਿੱਚ ਸ਼ਰਨਜੀਤ ਸਿੰਘ ਔਲਖ ਉਰਫ਼ ਸ਼ਰਨ ਔਲਖ ਅਤੇ ਜਸਪ੍ਰੀਤ ਸਿੰਘ ਲਾਲੋਮਾਜਰਾ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ।