ਪੰਜਾਬ ਵਿੱਚ ਅਗਸਤ 2025 ਦੌਰਾਨ ਆਈਆਂ ਭਿਆਨਕ ਹੜ੍ਹਾਂ ਨੇ ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਭਾਰੀ ਤਬਾਹੀ ਮਚਾਈ ਸੀ। ਹਜ਼ਾਰਾਂ ਘਰ, ਖੇਤ ਤੇ ਵਾਹਨ ਨੁਕਸਾਨੇ ਗਏ ਸਨ। ਇਸ ਮੁਸ਼ਕਲ ਘੜੀ ਵਿੱਚ ਜਿੱਥੇ ਸਰਕਾਰ ਅਤੇ ਸਮਾਜਿਕ ਸੰਸਥਾਵਾਂ ਅੱਗੇ ਆਈਆਂ, ਉੱਥੇ ਪੰਜਾਬੀ ਗਾਇਕ ਮਨਕੀਰਤ ਔਲਖ ਨੇ ਵੀ ਮਨੁੱਖਤਾ ਦੀ ਮਿਸਾਲ ਕਾਇਮ ਕੀਤੀ।
ਹੜ੍ਹਾਂ ਤੋਂ ਬਾਅਦ ਮਨਕੀਰਤ ਔਲਖ ਨੇ ਖੁਦ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਅਤੇ ਲੋਕਾਂ ਦੀ ਮਦਦ ਲਈ ਖੁੱਲ੍ਹ ਕੇ ਹੱਥ ਵਧਾਇਆ। ਘਰਾਂ ਦੀ ਮੁੜ ਉਸਾਰੀ ਲਈ ਲੱਖਾਂ ਰੁਪਏ ਦੀ ਮਦਦ ਕੀਤੀ ਤੇ ਆਪਣੇ ਦੋਸਤਾਂ ਨਾਲ ਮਿਲ ਕੇ ਮੁਫ਼ਤ ਟਰੈਕਟਰ ਅਤੇ ਹੋਰ ਸਹਾਇਤਾ ਸਮੱਗਰੀ ਵੀ ਵੰਡੀ। ਇਸ ਦੌਰਾਨ ਮਾਨਸਾ ਜ਼ਿਲ੍ਹੇ ਦੀਆਂ ਕੁਝ ਕਬੱਡੀ ਖਿਡਾਰਨ ਕੁੜੀਆਂ ਨੇ ਸੋਸ਼ਲ ਮੀਡੀਆ ਰਾਹੀਂ ਮਦਦ ਦੀ ਅਪੀਲ ਕੀਤੀ, ਕਿਉਂਕਿ ਹੜ੍ਹਾਂ ਕਾਰਨ ਉਨ੍ਹਾਂ ਦਾ ਘਰ ਪੂਰੀ ਤਰ੍ਹਾਂ ਤਬਾਹ ਹੋ ਚੁੱਕਾ ਸੀ।
ਵੀਡੀਓ ਦੇਖਣ ਤੋਂ ਬਾਅਦ ਮਨਕੀਰਤ ਔਲਖ ਖੁਦ ਉਨ੍ਹਾਂ ਦੇ ਪਿੰਡ ਪਹੁੰਚੇ ਅਤੇ ਘਰ ਦੀ ਮੁੜ ਉਸਾਰੀ ਲਈ ਕਰੀਬ 5 ਲੱਖ ਰੁਪਏ ਦੀ ਮਦਦ ਕੀਤੀ। ਇਸਦੇ ਨਾਲ ਹੀ ਉਸਨੇ ਉਨ੍ਹਾਂ ਦੇ ਵਿਆਹਾਂ ਲਈ ਕਾਰਾਂ ਦੇਣ ਦਾ ਵਾਅਦਾ ਵੀ ਕੀਤਾ। ਨਵੇਂ ਸਾਲ ਦੀ ਸ਼ੁਰੂਆਤ ਵਿੱਚ ਮਨਕੀਰਤ ਨੇ ਇਹ ਵਾਅਦਾ ਨਿਭਾਂਦਿਆਂ ਕਬੱਡੀ ਖਿਡਾਰੀਆਂ ਰਾਜਨਦੀਪ ਸ਼ਰਮਾ ਅਤੇ ਜਸ ਸ਼ਰਮਾ ਨੂੰ ਸਵਿਫਟ ਕਾਰਾਂ ਤੋਹਫ਼ੇ ਵਜੋਂ ਦਿੱਤੀਆਂ।
ਇਸ ਤੋਂ ਇਲਾਵਾ ਉਸਨੇ ਮੋਹਾਲੀ ਦੇ ਕਬੱਡੀ ਖਿਡਾਰੀ ਜੁਝਾਰ ਸਿੰਘ ਨੂੰ ਇੱਕ ਆਈ-20 ਕਾਰ ਭੇਟ ਕੀਤੀ। ਮਨਕੀਰਤ ਔਲਖ ਆਪਣੀ ਟੀਮ ਨਾਲ ਗੁਰਦੁਆਰਾ ਸਿੰਘ ਸ਼ਹੀਦਾਂ, ਮੋਹਾਲੀ ਪਹੁੰਚੇ, ਜਿੱਥੇ ਧਾਰਮਿਕ ਰਸਮਾਂ ਤੋਂ ਬਾਅਦ ਕਾਰਾਂ ਦੀਆਂ ਚਾਬੀਆਂ ਸੌਂਪੀਆਂ ਗਈਆਂ।
ਮਨਕੀਰਤ ਔਲਖ ਦੀ ਇਸ ਦਰਿਆਦਿਲੀ ਦੀ ਹਰ ਪਾਸੇ ਸਰਾ੍ਹਨਾ ਹੋ ਰਹੀ ਹੈ ਤੇ ਲੋਕ ਉਸਨੂੰ ਸਿਰਫ਼ ਇੱਕ ਗਾਇਕ ਹੀ ਨਹੀਂ, ਸਗੋਂ ਸਮਾਜ ਲਈ ਪ੍ਰੇਰਣਾ ਮੰਨ ਰਹੇ ਹਨ।