ਲੁਧਿਆਣਾ:- ਅੰਬੇਡਕਰ ਭਵਨ 'ਚ ਅੱਜ ਨਗਰ ਨਿਗਮ ਹਾਊਸ ਦੀ ਹੰਗਾਮੀ ਬੈਠਕ ਹੋਈ, ਜਿਸ ਵਿੱਚ ਕੌਂਸਲਰਾਂ ਸਮੇਤ ਵਿਧਾਇਕਾਂ ਨੇ ਹਿੱਸਾ ਲਿਆ, ਇਸ ਦੌਰਾਨ ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਲੈ ਕੇ ਵਿਚਾਰਾਂ ਹੋਈਆਂ ਅਤੇ ਕਈ ਮਤਿਆਂ ਨੂੰ ਪਾਸ ਵੀ ਕੀਤਾ ਗਿਆ। ਉਧਰ ਅਹਿਮ ਮੁੱਦਾ ਲੁਧਿਆਣਾ ਸ਼ਹਿਰ 'ਚ ਕਈ ਪਿੰਡਾਂ ਨੂੰ ਸ਼ਾਮਿਲ ਕੀਤਾ ਜਾਣਾ ਰਿਹਾ ਹੈ ਅਤੇ ਇਸ ਦੇ ਨਾਲ ਹੀ ਸੜਕਾਂ ਸੀਵਰੇਜ ਅਤੇ ਸਫਾਈ ਦੀ ਵਿਵਸਥਾ ਨੂੰ ਲੈ ਕੇ ਵੀ ਜ਼ੋਰਦਾਰ ਵਿਰੋਧ ਵੇਖਣ ਨੂੰ ਮਿਲਿਆ। ਉਧਰ ਜਿੱਥੇ ਵਿਧਾਇਕਾਂ ਸਮੇਤ ਕੌਂਸਲਰਾਂ ਨੇ ਆਪੋ ਆਪਣੇ ਸਵਾਲ ਰੱਖੇ ਤਾਂ ਨਾਲ ਹੀ ਕਈ ਮਤਿਆਂ ਨੂੰ ਵੀ ਪਾਸ ਕੀਤਾ ਗਿਆ।
ਵਿਰੋਧੀ ਧਿਰਾਂ ਨੇ ਸ਼ਹਿਰ ਦੀਆਂ ਸੜਕਾਂ ਦੀ ਸਫਾਈ ਅਤੇ ਮੁਲਾਜ਼ਮਾਂ ਦੀ ਕਮੀ ਸਮੇਤ ਕੂੜੇ ਦੀ ਸਮੱਸਿਆ ਨੂੰ ਅਹਿਮ ਮੁੱਦਾ ਦੱਸਿਆ ਅਤੇ ਕਿਹਾ ਕਿ ਜੋ ਵੀ ਕੰਮਕਾਜ ਕੀਤੇ ਗਏ ਹਨ, ਉਹ ਪੁਰਾਣੀਆਂ ਸਰਕਾਰਾਂ ਦੇ ਸਮੇਂ ਦੌਰਾਨ ਹੋਏ ਹਨ,ਪਰ ਇਸ ਸਰਕਾਰ ਨੇ ਸਿਰਫ ਪੈਚ ਵਰਕ ਦਾ ਹੀ ਕੰਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਹਨਾਂ ਕਿਹਾ ਕਿ ਕੌਂਸਲਰਾਂ ਦੇ ਕੰਮਾਂ ਵਿੱਚ ਸੱਤਾਧਾਰੀ ਸਰਕਾਰ ਦੇ ਵਿਧਾਇਕਾਂ ਦੀ ਦਖ਼ਲਅੰਦਾਜ਼ੀ ਹੈ, ਜਿਸ ਕਾਰਨ ਕਈ ਕੰਮਾਂ ਵਿੱਚ ਅੜਿੱਕਾ ਬਣ ਰਿਹਾ ਹੈ।
ਜਿੱਥੇ ਇਸ ਗੱਲ ਨੂੰ ਲੈ ਕੇ ਵਿਰੋਧ ਜਤਾਇਆ ਕੌਂਸਲਰ ਨਿਰਮਲ ਕੈੜਾ ਨੇ ਕਿਹਾ ਕਿ ਜੋ 113 ਪਿੰਡਾਂ ਨੂੰ ਲੁਧਿਆਣੇ ਦੇ ਨਾਲ ਸ਼ਾਮਿਲ ਕੀਤਾ ਜਾ ਰਿਹਾ ਹੈ। ਉਹ ਵੀ ਗਲਤ ਹੈ,ਕਿਉਂਕਿ ਸ਼ਹਿਰ ਦੇ ਵਿਕਾਸ ਕਾਰਜ ਅਧੂਰੇ ਹਨ, ਜੇਕਰ ਪਿੰਡਾਂ ਨੂੰ ਸ਼ਾਮਿਲ ਕਰ ਦਿੱਤਾ ਗਿਆ ਤਾਂ ਕੰਮ ਹੋਰ ਵੀ ਅਧੂਰੇ ਪੈ ਜਾਣਗੇ।
ਉਧਰ ਆਮ ਆਦਮੀ ਪਾਰਟੀ ਦੇ ਕੌਂਸਲਰ ਕਪਿਲ ਕੁਮਾਰ ਸੋਨੂ ਨੇ ਦੱਸਿਆ ਕਿ ਅੱਜ ਕਈ ਅਹਿਮ ਮੁੱਦਿਆਂ ਤੇ ਵਿਚਾਰਾਂ ਹੋਈਆਂ ਨੇ ਅਤੇ ਕਈ ਮੁੱਦਿਆਂ ਨੂੰ ਪਾਸ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਵਿਸ਼ੇਸ਼ ਕਰ ਕੂੜੇ ਦੀ ਸਮੱਸਿਆ ਅਤੇ ਸੜਕਾਂ ਦਾ ਮੁੱਦਾ ਰਿਹਾ ਹੈ,ਪਰ ਇਹ ਹਰ ਵਾਰ ਦੀ ਤਰ੍ਹਾਂ ਇਸੇ ਤਰੀਕੇ ਨਾਲ ਮੁੱਦੇ ਸਾਹਮਣੇ ਆਉਂਦੇ ਹਨ, ਉਹਨਾਂ ਕਿਹਾ ਕਿ ਜੋ ਨਗਰ ਨਿਗਮ ਅਧੀਨ ਪਿੰਡਾਂ ਨੂੰ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਨਾਲ ਵਿਕਾਸ ਦੀ ਰਫ਼ਤਾਰ ਵਧੇਗੀ,ਕਿਉਂਕਿ 2 ਮੇਅਰ ਹੋਣ ਦੇ ਨਾਲ ਇੱਕ ਮੇਅਰ ਉੱਤੇ ਬੋਝ ਘਟੇਗਾ ਅਤੇ ਰੈਵਨਿਊ ਵੀ ਇਕੱਠਾ ਹੋਵੇਗਾ।