ਲੁਧਿਆਣਾ- ਬਾਲਾਜੀ ਕਾਲੋਨੀ ਵਿੱਚ ਦਿਨ-ਦਿਹਾੜੇ ਹੋਈ ਫਾਇਰਿੰਗ ਦੇ ਮਾਮਲੇ ਵਿੱਚ ਥਾਣਾ ਜਮਾਲਪੁਰ ਦੀ ਪੁਲਿਸ ਨੇ ਗਗਨਦੀਪ ਕੌਰ ਦੇ ਬਿਆਨ ’ਤੇ ਉਸ ਦੇ ਮੁਲਜ਼ਮ ਪਤੀ ਲਵਪ੍ਰੀਤ ਖਿਲਾਫ਼ ਕਾਰਵਾਈ ਕੀਤੀ ਹੈ। ਜਾਣਕਾਰੀ ਮੁਤਾਬਕ ਗਗਨਦੀਪ ਕੌਰ ਵੱਲੋਂ ਪਤੀ ਖਿਲਾਫ਼ ਦਰਜ ਸ਼ਿਕਾਇਤ ਵਿੱਚ ਕਿਹਾ ਹੈ ਕਿ ਮੰਗਲਵਾਰ ਦੁਪਹਿਰ ਨੂੰ ਉਸ ਦੇ ਨਸ਼ੇ ਦੇ ਆਦੀ ਪਤੀ ਨੇ ਪੈਸੇ ਮੰਗੇ। ਉਸ ਨੇ ਇਨਕਾਰ ਕੀਤਾ ਤਾਂ ਝਗੜੇ ਦੌਰਾਨ ਮੁਲਜ਼ਮ ਲਵਪ੍ਰੀਤ ਨੇ ਹਵਾ ਵਿੱਚ ਗੋਲੀ ਚਲਾ ਦਿੱਤੀ।
ਪੀੜਤਾ ਦੇ ਬਿਆਨ ਮੁਤਾਬਕ ਮੰਗਲਵਾਰ ਦੁਪਹਿਰ ਕਰੀਬ 1 ਵਜੇ ਉਸ ਦਾ ਪਤੀ ਲਵਪ੍ਰੀਤ ਘਰ ਪੁੱਜਾ ਅਤੇ ਨਸ਼ੇ ਲਈ ਪੈਸੇ ਮੰਗਣ ਲੱਗਾ। ਗਗਨਦੀਪ ਕੌਰ ਵੱਲੋਂ ਪੈਸੇ ਨਾਂ ਦੇਣ ਤੋਂ ਬਾਅਦ ਵਿਵਾਦ ਵਧ ਗਿਆ। ਦੋਸ਼ ਹੈ ਕਿ ਲਵਪ੍ਰੀਤ ਨੇ ਆਪਣੇ ਕੋਲ ਰੱਖੀ ਨਾਜਾਇਜ਼ ਪਿਸਤੌਲ ਵਰਗੇ ਹਥਿਆਰ ਕੱਢ ਕੇ ਆਪਣੀ ਪਤਨੀ ਨੂੰ ਡਰਾਉਣ ਲਈ ਹਵਾ ’ਚ ਫਾਇਰ ਕਰ ਦਿੱਤਾ। ਅਚਾਨਕ ਹੋਈ ਫਾਇਰਿੰਗ ਨਾਲ ਗਗਨਦੀਪ ਕੌਰ ਘਬਰਾ ਗਈ ਅਤੇ ਤੁਰੰਤ ਭੱਜ ਕੇ ਅੰਦਰ ਕਮਰੇ ਵਿੱਚ ਜਾ ਕੇ ਲੁਕ ਗਈ। ਔਰਤ ਮੁਤਾਬਕ ਗੋਲੀ ਦੀ ਆਵਾਜ਼ ਸੁਣ ਕੇ ਆਸ-ਪਾਸ ਦੇ ਲੋਕ ਵੀ ਸਹਿਮ ਗਏ। ਇਸ ਤੋਂ ਬਾਅਦ ਮੁਲਜ਼ਮ ਮੌਕਾ ਪਾ ਕੇ ਹਥਿਆਰ ਸਮੇਤ ਉਥੋਂ ਫ਼ਰਾਰ ਹੋ ਗਿਆ।
ਪੀੜਤਾ ਨੇ ਦੱਸਿਆ ਕਿ ਉਸ ਦਾ ਪਤੀ ਲਵਪ੍ਰੀਤ ਲੰਬੇ ਸਮੇਂ ਤੋਂ ਨਸ਼ੇ ਦਾ ਆਦੀ ਹੈ ਅਤੇ ਪੈਸੇ ਲਈ ਝਗੜਾ ਕਰਦਾ ਹੈ। ਪਰ ਇਸ ਵਾਰ ਮਾਮਲਾ ਗੰਭੀਰ ਹੋ ਗਿਆ, ਕਿਉਂਕਿ ਉਸ ਨੇ ਸਿੱਧਾ ਹਥਿਆਰ ਕੱਢ ਲਿਆ ਅਤੇ ਆਪਣੀ ਪਤਨੀ ਨੂੰ ਡਰਾਉਣ ਲਈ ਹਵਾ ’ਚ ਫਾਇਰ ਕਰ ਦਿੱਤਾ। ਪੁਲਿਸ ਵੱਲੋਂ ਨਾਜਾਇਜ਼ ਹਥਿਆਰ ਦੀ ਬਰਾਮਦਗੀ ਅਤੇ ਮੁਲ਼ਜਮ ਦੇ ਨਸ਼ੇ ਦੇ ਸਰੋਤ ਦੀ ਜਾਂਚ ਵੀ ਸ਼ੁਰੂ ਕਰ ਦਿੱਤੀ ਗਈ ਹੈ।