Sunday, 11th of January 2026

ਮੋਰਚਰੀ ਵਿੱਚੋਂ ਲਾਸ਼ ਗਾਇਬ...ਪਰਿਵਾਰ ਨੇ ਲਗਾਇਆ ਧਰਨਾ

Reported by: Ajeet Singh  |  Edited by: Jitendra Baghel  |  December 22nd 2025 01:49 PM  |  Updated: December 22nd 2025 01:49 PM
ਮੋਰਚਰੀ ਵਿੱਚੋਂ ਲਾਸ਼ ਗਾਇਬ...ਪਰਿਵਾਰ ਨੇ ਲਗਾਇਆ ਧਰਨਾ

ਮੋਰਚਰੀ ਵਿੱਚੋਂ ਲਾਸ਼ ਗਾਇਬ...ਪਰਿਵਾਰ ਨੇ ਲਗਾਇਆ ਧਰਨਾ

ਲੁਧਿਆਣਾ ਦੇ ਇੱਕ ਨਿੱਜੀ ਹਸਪਤਾਲ ਤੋਂ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਹਸਪਤਾਲ ‘ਚੋਂ ਇੱਕ ਲਾਸ਼ ਗਾਇਬ ਹੋ ਗਈ ਹੈ। ਦਰਅਸਲ, ਮਾਮਲਾ ਇਹ ਹੈ ਕਿ ਜਦੋਂ ਪਰਿਵਾਰਕ ਮੈਂਬਰ ਹਸਪਤਾਲ ਵਿੱਚ ਲਾਸ਼ ਲੈਣ ਲਈ ਪਹੁੰਚੇ ਤਾਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਲਾਸ਼ ਉੱਥੇ ਮੌਜੂਦ ਨਹੀਂ ਹੈ।

ਮੋਰਚਰੀ ਵਿੱਚ ਰੱਖਵਾਈ ਲਾਸ਼ 

ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਜਸਵੰਤ ਸਿੰਘ ਦੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਘਰਵਾਲੀ ਨੂੰ 10 ਦਸੰਬਰ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਸੀ। ਉਨ੍ਹਾਂ ਦੀ ਪਤਨੀ ਨੂੰ ਪੇਟ ਦੀ ਦਿੱਕਤ ਸੀ। 19 ਦਸੰਬਰ ਇਲਾਜ਼ ਦੌਰਾਨ ਉਨ੍ਹਾਂ ਦੀ ਪਤਨੀ ਦੀ ਮੌਤ ਹੋ ਗਈ। ਮ੍ਰਿਤਕ ਮਹਿਲਾ ਦੇ ਪਤੀ ਜਸਵੰਤ ਨੇ ਹਸਪਤਾਲ ਵਾਲਿਆਂ ਨੂੰ ਕਿਹਾ ਕਿ ਉਨ੍ਹਾਂ ਦੇ ਬੱਚੇ ਵਿਦੇਸ਼ ਰਹਿੰਦੇ ਹਨ, ਇਸ ਲਈ ਜਦੋਂ ਤੱਕ ਉਹ ਨਹੀਂ ਆਉਂਦੇ, ਓਦੋਂ ਤੱਕ ਲਾਸ਼ ਨੂੰ ਹਸਪਤਾਲ ਵਿੱਚ ਹੀ ਰੱਖ ਲਓ।

ਮੋਰਚਰੀ 'ਚ ਰੱਖੀ ਲਾਸ਼ ਗਾਇਬ 

ਹਸਪਤਾਲ ਵਾਲਿਆਂ ਨੇ ਜਸਵੰਤ ਸਿੰਘ ਨੂੰ ਕਿਹਾ ਕਿ ਉਹ ਲਾਸ਼ ਰੱਖਣ ਲਈ ਪ੍ਰਤੀ ਦਿਨ ਦਾ 2500 ਰੁਪਏ ਲੈਣਗੇ। ਉਨ੍ਹਾਂ ਨੇ ਆਪਣੀ ਪਤਨੀ ਦੀ ਲਾਸ਼ ਹਸਪਤਾਲ ‘ਚ ਰਖਵਾ ਦਿੱਤੀ। ਜਸਵੰਤ ਸਿੰਘ ਦੇ ਬੱਚੇ ਜਦੋਂ ਵਿਦੇਸ਼ ਤੋਂ ਆ ਗਏ ਤੇ ਉਹ ਅੰਤਿਮ ਸਸਕਾਰ ਲਈ ਲਾਸ਼ ਹਸਪਤਾਲ ਤੋਂ ਲੈਣ ਪਹੁੰਚੇ। ਇਸ ਦੌਰਾਨ ਹਸਪਤਾਲ ਵਾਲਿਆਂ ਨੇ ਕਿਹਾ ਕਿ ਉਨ੍ਹਾਂ ਕੋਲ ਲਾਸ਼ ਨਹੀਂ ਹੈ। ਜਸਵੰਤ ਸਿੰਘ ਨੇ ਇਲਜ਼ਾਮ ਲਗਾਇਆ ਕਿ ਇਨ੍ਹਾਂ ਨੇ ਲਾਸ਼ ਕਿਸੇ ਹੋਰ ਨੂੰ ਦੇ ਦਿੱਤੀ।

ਹਸਪਤਾਲ 'ਤੇ ਲਾਪਰਵਾਹੀ ਦੇ ਇਲਜ਼ਾਮ

ਜਸਵੰਤ ਸਿੰਘ ਨੇ ਇਲਜ਼ਾਮ ਵੀ ਲਗਾਇਆ ਕਿ ਸ਼ਾਇਦ ਹਸਪਤਾਲ ਵਾਲਿਆਂ ਨੇ ਲਾਸ਼ ਦੇ ਅੰਗ ਵੇਚ ਦਿੱਤੇ ਹਨ ਜਾਂ ਹੋਰ ਕੁੱਝ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਹਸਪਤਾਲ ਵਾਲਿਆਂ ਨੇ ਦੱਸਿਆ ਕਿ ਲਾਸ਼ ਮੋਰਚਰੀ ‘ਚ ਪਈ ਸੀ, ਪਰ ਉਸ ਲਾਸ਼ ਨੂੰ ਕੋਈ ਹੋਰ ਚੁੱਕ ਕੇ ਲੈ ਗਿਆ। ਇਸ ਮਾਮਲੇ ਵਿੱਚ ਜਾਣਕਾਰੀ ਇਹ ਵੀ ਮਿਲ ਰਹੀ ਹੈ ਕਿ ਦੂਜੇ ਪਰਿਵਾਰ ਨੇ ਲਾਸ਼ ਦਾ ਸਸਕਾਰ ਵੀ ਕਰ ਦਿੱਤਾ ਹੈ। ਪਰਿਵਾਰਕ ਮੈਂਬਰ ਹੁਣ ਇਸ ਲਾਪਰਵਾਹੀ ਤੋਂ ਬਾਅਦ ਹਸਪਤਾਲ ‘ਚ ਹੀ ਧਰਨੇ ‘ਤੇ ਬੈਠ ਗਏ ਹਨ।