ਲੁਧਿਆਣਾ ਚ ਲਗਾਤਾਰ ਬਦਮਾਸ਼ਾਂ ਦੇ ਹੌਸਲੇਂ ਬੁਲੰਦ ਹੋ ਰਹੇ ਹਨ । ਮਾਮਲਾ ਦੁੱਗਰੀ ਇਲਾਕੇ ਤੋਂ ਸਾਹਮਣੇ ਆਇਆ ਜਿੱਥੇ ਇੱਕ ਪਰਿਵਾਰ ਚਿਕਨ ਖਰੀਦਣ ਲਈ ਰੁਕੇ 'ਤੇ ਇੱਕ ਗੁਬਾਰਾ ਵੇਚਣ ਵਾਲੇ ਤੇ ਉਸਦੇ ਸਾਥੀਆਂ ਵੱਲੋਂ ਪਰਿਵਾਰ 'ਤੇ ਜਾਨਲੇਵਾ ਹਮਲਾ ਕੀਤਾ ਗਿਆ। ਆਰੋਪਿਆਂ ਨੇ ਨਾ ਸਿਰਫ਼ ਆਦਮੀ ਨੂੰ ਕੁੱਟਿਆ, ਸਗੋਂ ਦਖਲ ਦੇਣ ਆਈ ਇੱਕ ਔਰਤ ਨਾਲ ਵੀ ਕੁੱਟਮਾਰ ਕੀਤੀ ਅਤੇ ਉਨ੍ਹਾਂ ਦੀ ਕਾਰ 'ਤੇ ਪੱਥਰ ਵੀ ਸੁੱਟੇ। ਪੁਲਿਸ ਨੇ ਇਸ ਮਾਮਲੇ ਵਿੱਚ ਧਰੁਵ ਖੱਤਰੀ, ਹੰਸ ਸੈਣੀ, ਰੋਸ਼ਨ ਅਤੇ 10 ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਹੈ।
ਪੂਰੀ ਕਹਾਣੀ ਕੀ ਹੈ?
ਸੁਨੀਤਾ ਭਾਰਦਵਾਜ ਨੇ ਪੁਲਿਸ ਨੂੰ ਦੱਸਿਆ ਕਿ 14 ਦਸੰਬਰ ਨੂੰ ਰਾਤ ਲਗਭਗ 9:15 ਵਜੇ ਉਹ ਆਪਣੇ ਪਤੀ ਅਜੈ ਭਾਰਦਵਾਜ, ਦੋ ਧੀਆਂ ਤੇ ਸਹਾਇਕ ਮੁਨੀਸ਼ ਨਾਲ ਆਪਣੀ ਦੁਕਾਨ ਬੰਦ ਕਰਕੇ ਘਰ ਵਾਪਸ ਆ ਰਹੀ ਸੀ। ਜਦੋਂ ਉਹ ਕੇਐਫਸੀ ਦੇ ਨੇੜੇ ਰੁਕੇ, ਤਾਂ ਉਸਨੇ ਇੱਕ ਨੌਜਵਾਨ ਗੁਬਾਰਾ ਵੇਚਣ ਵਾਲੇ ਨੂੰ ਉੱਥੇ ਖੜ੍ਹਾ ਦੇਖਿਆ ਅਤੇ ਉਸਦਾ ਸਾਹਮਣਾ ਕਰਨ ਗਈ, ਕਿਉਂਕਿ ਉਹ ਅਕਸਰ ਉਨ੍ਹਾਂ ਦੀ ਧੀ ਨੂੰ ਤੰਗ ਕਰਦਾ ਸੀ।
ਔਰਤ ਦਾ ਆਰੋਪ ਹੈ ਕਿ ਜਦੋਂ ਉਹ ਉਸ ਨਾਲ ਤਰਕ ਕਰਨ ਦੀ ਕੋਸ਼ਿਸ਼ ਕਰ ਰਹੀ ਸੀ, ਤਾਂ ਅਰੋਪੀ ਧਰੁਵ ਖੱਤਰੀ ਅਤੇ ਉਸਦੇ ਸਾਥੀਆਂ ਨੇ ਬਹਿਸ ਕਰਨੀ ਸ਼ੁਰੂ ਕਰ ਦਿੱਤੀ ਅਤੇ ਫਿਰ ਬੇਰਹਿਮੀ ਨਾਲ ਅਜੈ ਭਾਰਦਵਾਜ ਨੂੰ ਕੁੱਟਿਆ। ਜਦੋਂ ਸੁਨੀਤਾ ਆਪਣੇ ਪਤੀ ਨੂੰ ਬਚਾਉਣ ਆਈ, ਤਾਂ ਆਰੋਪੀ ਨੇ ਉਸ 'ਤੇ ਵੀ ਹਮਲਾ ਕੀਤਾ ।ਜਦੋਂ ਪਰਿਵਾਰ ਘਬਰਾਹਟ ਮਹਿਸੂਸ ਕਰਦੇ ਹੋਏ ਆਪਣੀ ਕਾਰ ਵਿੱਚ ਚੜ੍ਹ ਗਿਆ ਤੇ ਭੱਜਣ ਦੀ ਕੋਸ਼ਿਸ਼ ਕੀਤੀ, ਤਾਂ ਆਰੋਪੀ ਨੇ ਉਨ੍ਹਾਂ 'ਤੇ ਇੱਟਾਂ ਅਤੇ ਪੱਥਰਾਂ ਨਾਲ ਹਮਲਾ ਕਰ ਦਿੱਤਾ। ਕਾਰ ਦੀ ਪਿਛਲੀ ਖਿੜਕੀ 'ਤੇ ਇੱਕ ਪੱਥਰ ਲੱਗਿਆ, ਜਿਸ ਨਾਲ ਕਾਰ ਨੁਕਸਾਨੀ ਗਈ। ਪਰਿਵਾਰ ਮੌਕੇ ਤੋਂ ਭੱਜ ਗਿਆ।ਘਟਨਾ ਦੀਆਂ ਕੁਝ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈਆਂ ਹਨ, ਜਿਸ ਵਿੱਚ ਕੁਝ ਨੌਜਵਾਨ ਤੇਜ਼ੀ ਨਾਲ ਭੱਜਦੇ ਅਤੇ ਪੀੜਤ 'ਤੇ ਹਮਲਾ ਕਰਦੇ ਦਿਖਾਈ ਦੇ ਰਹੇ ਹਨ। ਪੁਲਿਸ ਇਨ੍ਹਾਂ ਫੁਟੇਜ ਦੇ ਆਧਾਰ 'ਤੇ ਹੋਰ ਅਣਪਛਾਤੇ ਅਰੋਪੀਆਂ ਦੀ ਪਛਾਣ ਕਰਨ ਲਈ ਜਾਂਚ ਕਰ ਰਹੀ ਹੈ।