ਲੁਧਿਆਣਾ ਚ ਬਦਮਾਸ਼ਾਂ ਦੇ ਹੌਂਸਲੇਂ ਬੁਲੰਦ ਹੋ ਰਹੇ ਹਨ। ਬਦਮਾਸ਼ਾਂ ਚ ਪੁਲਿਸ ਪ੍ਰਸਾਸ਼ਨ ਦਾ ਕੋਈ ਡਰ ਨਹੀਂ ਨਜ਼ਰ ਆ ਰਿਹਾ ਹੈ। ਤਾਜ਼ਾ ਮਾਮਲਾ ਹੈਬੋਵਾਲ ਇਲਾਕੇ ਤੋਂ ਸਾਹਮਣੇ ਆਇਆ ਜਿੱਥੇ ਹਥਿਆਰਾਂ ਨਾਲ ਲੈਸ, ਬਾਈਕ, ਐਕਟਿਵਾ ਤੇ ਕਾਰਾਂ 'ਤੇ ਸਵਾਰ ਲਗਭਗ 20 ਤੋਂ 25 ਨੌਜਵਾਨਾਂ ਨੇ ਇੱਕ ਪਰਿਵਾਰ ਦੇ ਘਰ 'ਤੇ ਹਮਲਾ ਕੀਤਾ। ਤਲਵਾਰਾਂ,ਪੱਥਰਾਂ ਤੇ ਸ਼ਰਾਬ ਦੀਆਂ ਬੋਤਲਾਂ ਨਾਲ ਘੰਟਿਆਂ ਤੱਕ ਭੰਨਤੋੜ ਕੀਤੀ। ਪੂਰੇ ਇਲਾਕੇ ਵਿੱਚ ਡਰ ਦਾ ਮਾਹੌਲ ਰਿਹਾ ਤੇ ਲੋਕ ਰਾਤ ਭਰ ਆਪਣੇ ਘਰਾਂ ਵਿੱਚ ਕੈਦ ਰਹੇ।
ਕੀ ਹੈ ਪੂਰਾ ਮਾਮਲਾ
ਪੀੜਤ ਬਲਜਿੰਦਰ ਕੌਰ ਨੇ ਕਿਹਾ ਕਿ ਹਮਲਾ ਰਾਤ 9:30 ਵਜੇ ਦੇ ਕਰੀਬ ਸ਼ੁਰੂ ਹੋਇਆ ਤੇ ਸਵੇਰੇ 4:30 ਵਜੇ ਤੱਕ ਰੁਕ-ਰੁਕ ਕੇ ਜਾਰੀ ਰਿਹਾ। ਦੋ ਘਰਾਂ ਤੇ ਇੱਕ ਦੁਕਾਨ ਨੂੰ ਨਿਸ਼ਾਨਾ ਬਣਾਇਆ ਗਿਆ। ਗੇਟ, ਖਿੜਕੀਆਂ, ਸ਼ੀਸ਼ੇ, ਦਰਵਾਜ਼ੇ, ਦੁਕਾਨਾਂ ਦੇ ਸਮਾਨ, ਮੋਟਰਸਾਈਕਲ ਤੇ ਕਾਰਾਂ ਨੂੰ ਬੁਰੀ ਤਰ੍ਹਾਂ ਨੁਕਸਾਨ ਪਹੁੰਚਿਆ। ਘਟਨਾ ਦੀ CCTV ਫੁਟੇਜ ਵੀ ਸਾਹਮਣੇ ਆਈ ਹੈ।
ਬੱਚਿਆਂ 'ਤੇ ਵੀ ਨਹੀਂ ਕੀਤਾ ਰਹਿਮ
ਪੀੜਤ ਅਨੁਸਾਰ, ਇੱਕ ਘਰ ਉਸਦਾ ਆਪਣਾ ਹੈ, ਜਦੋਂ ਕਿ ਦੂਜਾ ਕਿਰਾਏ ਤੇ ਦਿੱਤਾ ਹੋਇਆ ਹੈ , ਜਿੱਥੇ ਛੋਟੇ ਬੱਚੇ ਰਹਿੰਦੇ ਹਨ। ਇਸ ਦੇ ਬਾਵਜੂਦ, ਹਮਲਾਵਰ ਪੱਥਰ ਅਤੇ ਬੋਤਲਾਂ ਸੁੱਟਦੇ ਰਹੇ। ਇੱਕ ਪੱਥਰ ਨੇ ਉਸਦੀ ਲੱਤ ਨੂੰ ਗੰਭੀਰ ਸੱਟ ਮਾਰੀ, ਜਿਸ ਕਾਰਨ ਫਰੈਕਚਰ ਹੋ ਗਿਆ।
ਪ੍ਰਸ਼ਾਸਨ ਖਿਲਾਫ਼ ਇਲਾਕੇ 'ਚ ਗੁੱਸਾ
ਇਲਾਕੇ ਦੇ ਵਸਨੀਕ ਨੇ ਕਿਹਾ ਕਿ ਹਮਲਾਵਰ ਗਰੂਪਾਂ ਵਿੱਚ ਆਏ ਅਤੇ ਵਾਰ-ਵਾਰ ਪੱਥਰ ਅਤੇ ਸ਼ਰਾਬ ਦੀਆਂ ਬੋਤਲਾਂ ਸੁੱਟੀਆਂ। ਕਈ ਘਰਾਂ ਨੂੰ ਨੁਕਸਾਨ ਪਹੁੰਚਿਆ। ਸਥਾਨਕ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਆਰੋਪਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ ਤੇ ਦੱਸਿਆ ਜਾਵੇ ਕਿ ਇੰਨੀ ਵੱਡੀ ਘਟਨਾ ਦੇ ਬਾਵਜੂਦ ਜ਼ਿੰਮੇਵਾਰ ਅਧਿਕਾਰੀ ਮੌਕੇ 'ਤੇ ਕਿਉਂ ਨਹੀਂ ਪਹੁੰਚੇ।
ਪੁਲਿਸ ਦਾ ਦਾਅਵਾ
ਮਾਮਲੇ 'ਤੇ ਜਾਣਕਰੀ ਦਿੰਦੇ ਹੋਏ ASI ਕਰਮਜੀਤ ਸਿੰਘ ਨੇ ਦੱਸਿਆ ਕਿ ਪੁਲਿਸ CCTV ਫੁਟੇਜ ਤੇ ਹੋਰ ਸਬੂਤਾਂ ਦੇ ਆਧਾਰ 'ਤੇ ਆਰੋਪੀਆਂ ਦੀ ਪਛਾਣ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਬਦਮਾਸ਼ਾਂ ਨੂੰ ਜਲਦੀ ਤੋਂ ਜਲਦੀ ਗ੍ਰਿਫ਼ਤਾਰ ਕੀਤਾ ਜਾਵੇਗਾ, ਤੇ ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।