ਪੰਜਾਬ ’ਚ ਲਗਾਤਾਰ ਕਾਨੂੰਨ ਵਿਵਸਥਾ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਤਾਜ਼ਾ ਮਾਮਲਾ ਅਬੋਹਰ ਤੋਂ ਹੈ, ਜਿੱਥੇ ਕਿ ਤਰੀਕ ਭੁਗਤਣ ਆਏ ਇੱਕ ਸ਼ਖਸ ਦਾ ਅਬੋਹਰ ਕੋਰਟ ਕੰਪਲੈਕਸ ’ਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਮਿਲੀ ਜਾਣਕਾਰੀ ਮੁਤਾਬਕ ਫਾਇਰਿੰਗ ਦੌਰਾਨ ਹੋਰ ਵੀ ਕਈ ਲੋਕ ਜ਼ਖਮੀ ਹੋ ਗਏ।
ਮ੍ਰਿਤਕ ਦੀ ਪਛਾਣ ਅਬੋਹਰ ਵਾਸੀ ਆਕਾਸ਼ ਉਰਫ ਗੋਲੂ ਪੰਡਿਤ ਵਜੋਂ ਹੋਈ ਹੈ। ਮ੍ਰਿਤਕ ਆਪਣੇ ਸਾਥੀਆਂ ਦੇ ਨਾਲ ਤਰੀਕ ਭੁਗਤਣ ਆਇਆ ਸੀ ਅਤੇ ਸੁਣਵਾਈ ਤੋਂ ਬਾਅਦ ਬਾਹਰ ਆ ਕੇ ਜਦੋਂ ਆਕਾਸ਼ ਗੱਡੀ ’ਚ ਬੈਠਣ ਲੱਗਾ, ਉਸ ਸਮੇਂ ਹਮਲਾਵਰਾਂ ਨੇ ਉਸ ’ਤੇ ਤਾਬੜਤੋੜ ਫਾਇਰਿੰਗ ਕਰ ਦਿੱਤੀ, ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਹਮਲਾਵਰ ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੌਕੇ ’ਤੋਂ ਫਰਾਰ ਹੋ ਗਏ। ਇਸ ਕਤਲ ਦੀ ਜ਼ਿੰਮੇਵਾਰੀ ਗੈਂਗਸਟਰ ਗੱਗੀ ਲਾਹੌਰੀਆ ਨੇ ਲਈ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।