ਚੰਡੀਗੜ੍ਹ:- ਕੇ ਐਮ ਐਮ ਭਾਰਤ (ਚੈਪਟਰ ਪੰਜਾਬ) ਵੱਲੋਂ ਬਿਜਲੀ ਨਿੱਜੀਕਰਨ ਦੇ ਵਿਰੋਧ ਵਿੱਚ ਪ੍ਰਦਰਸ਼ਨ ਲਗਾਤਾਰ ਜਾਰੀ ਹਨ, ਜਿੱਥੇ ਮੋਰਚੇ ਵੱਲੋਂ ਪਹਿਲੇ ਪੜਾਅ ਵਜੋਂ 5 ਤਰੀਕ ਨੂੰ 2 ਘੰਟੇ ਦਾ ਸੰਕੇਤਕ ਰੇਲ ਰੋਕੋ ਰੋਸ ਪ੍ਰਦਰਸ਼ਨ ਕੀਤਾ ਗਿਆ, ਓਥੇ ਹੀ ਦੂਜੇ ਪੜਾਅ ਵਿੱਚ ਕੀਤੇ ਐਲਾਨ 'ਤੇ ਚੱਲਦਿਆਂ ਕੇ.ਐਮ.ਐਮ ਨਾਲ ਸਬੰਧਿਤ ਜਥੇਬੰਦੀ ਵੱਲੋਂ ਖ਼ਪਤਕਾਰਾਂ ਦੀ ਸਹਿਮਤੀ ਨਾਲ 8 ਅਤੇ 9 ਦਸੰਬਰ ਨੂੰ ਪ੍ਰੀਪੇਡ ਮੀਟਰਾਂ ਨੂੰ ਉਤਾਰਨ ਦੀ ਕਾਰਵਾਈ ਕਰਕੇ ਅੱਜ 10 ਦਸੰਬਰ 2025 ਨੂੰ ਵੱਖ ਵੱਖ ਜਿਲ੍ਹਿਆਂ ਵਿੱਚ SDO ਦਫਤਰਾਂ ਦੇ ਉੱਤੇ ਵੱਡੇ ਇਕੱਠ ਕਰਕੇ ਮੀਟਰ ਜਮਾਂ ਕਰਵਾਉਣ ਦਾ ਐਕਸ਼ਨ ਜ਼ੋਰ ਸ਼ੋਰ ਨਾਲ ਲਾਗੂ ਕੀਤਾ। ਇਸ ਮੌਕੇ ਸੀਨੀਅਰ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਦੱਸਿਆ ਹਜ਼ਾਰਾਂ ਦੀ ਗਿਣਤੀ ਵਿੱਚ ਖਪਤਕਾਰਾਂ ਵੱਲੋਂ ਜਥੇਬੰਦੀ ਦੇ ਆਗੂਆਂ ਦੇ ਸਹਿਯੋਗ ਨਾਲ ਹਜ਼ਾਰਾਂ ਮੀਟਰ ਉਤਾਰੇ ਗਏ ਹਨ।
ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਜਾਣਕਾਰੀ ਦਿੱਤੀ ਕਿ ਜਿਵੇਂ-ਜਿਵੇਂ ਹੀ ਅੱਜ ਖਪਤਕਾਰ ਜਥੇਬੰਦੀਆਂ ਦੀ ਅਗਵਾਈ ਵਿੱਚ ਮੀਟਰ ਜਮਾ ਕਰਵਾਉਣ ਲਈ ਦਫਤਰਾਂ ਵਿੱਚ ਗਏ ਤਾਂ ਬਹੁਤਾਤ ਦਫਤਰਾਂ ਦੇ ਵਿੱਚ ਸੀਨੀਅਰ ਬਿਜਲੀ ਅਫਸਰ ਗੈਰ ਮੌਜੂਦ ਪਾਏ ਗਏ, ਜਿਸ ਕਾਰਨ ਬਹੁਤ ਸਾਰੇ ਖਪਤਕਾਰ ਅਫਸਰਾਂ ਦੇ ਦਫਤਰਾਂ ਵਿੱਚ ਮੀਟਰ ਰੱਖ ਕੇ ਆਉਣ ਨੂੰ ਮਜ਼ਬੂਰ ਹੋਏ। ਉਹਨਾਂ ਕਿਹਾ ਕਿ ਹਕੀਕਤ ਇਹ ਹੈ ਕਿ ਜਿੰਨਾ ਲੋਕਾ ਦੇ ਪ੍ਰੀਪੇਡ ਮੀਟਰ ਲੱਗੇ ਹਨ ਉਹਨਾਂ ਦੇ ਬੇਤਹਾਸ਼ਾ ਬਿੱਲ ਆਏ ਹਨ ਅਤੇ ਇਸ ਤੋਂ ਵੀ ਵੱਡਾ ਇਤਰਾਜ਼ ਹੈ ਕਿ ਜਿੱਥੇ ਸਰਕਾਰ ਦਾਅਵਾ ਕਰਦੀ ਹੈ ਕਿ ਉਹ 80 ਕਰੋੜ ਲੋਕਾਂ ਨੂੰ ਰਾਸ਼ਨ ਫ੍ਰੀ ਜਾ ਸਸਤੇ ਭਾਅ ਤੇ ਦੇ ਰਹੀ ਹੈ, ਓਥੇ ਪਹਿਲਾਂ ਪੈਸੇ ਅਦਾ ਕਰਕੇ ਬਿਜਲੀ ਦੀ ਸਹੂਲਤ ਲੈਣ ਵਾਲੀ ਆਰਥਿਕ ਹਾਲਾਤ ਵਿੱਚ ਲੋਕ ਬਿਲਕੁਲ ਨਹੀਂ ਹਨ।
ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਪੰਜਾਬ ਅਤੇ ਕੇਂਦਰ ਸਰਕਾਰ ਰਲਕੇ ਬਿਜਲੀ ਅਦਾਰਾ ਪ੍ਰਾਈਵੇਟ ਕੰਪਨੀਆਂ ਦੇ ਹੱਥਾਂ ਵਿੱਚ ਦੇਣ ਦਾ ਰਾਹ ਪੱਧਰਾ ਕਰਨ ਲਈ ਪ੍ਰੀਪੇਡ ਮੀਟਰ ਲਗਾ ਰਹੀਆਂ ਹਨ। ਉਹਨਾਂ ਕਿਹਾ ਕਿ ਕਿਸਾਨ ਮਜਦੂਰ ਮੋਰਚਾ ਲਗਾਤਾਰ ਲੋਕ ਹਿੱਤਾਂ ਦੀ ਖਾਤਿਰ ਸੰਘਰਸ਼ ਕਰ ਰਿਹਾ ਹੈ ਅਤੇ ਸਰਕਾਰ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਇਸ ਮਸਲੇ ਨੂੰ ਲੈ ਕੇ ਮੋਰਚੇ ਤੇ ਲੋਕਾਂ ਨੇ ਵੱਡਾ ਵਿਸ਼ਵਾਸ ਕੀਤਾ ਹੈ ਅਤੇ ਮੋਰਚਾ ਇਸ ਵਿਸ਼ਵਾਸ ਨੂੰ ਹੋਰ ਪੱਕਿਆ ਕਰਦੇ ਹੋਏ ਪਿੰਡਾਂ ਵਿਚ ਲੋਕਾਂ ਦੇ ਹੱਕ ਵਿੱਚ ਖੜ੍ਹਾ ਰਹੇਗਾ। ਉਹਨਾਂ ਕਿਹਾ ਕਿ ਪ੍ਰੀਪੇਡ ਦੀ ਜਗ੍ਹਾ ਰਵਾਇਤੀ ਮਕੈਨਿਕਲ ਮੀਟਰ ਲਗਾਏ ਜਾਣ ਤਾਂ ਖ਼ਪਤਕਾਰਾਂ ਨੂੰ ਕੋਈ ਇਤਰਾਜ਼ ਨਹੀਂ ਹੈ।
ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਜਦੋਂ ਬਿਜਲੀ ਸੋਧ ਬਿੱਲ ਨਾਲ ਇਸ ਮੀਟਰ ਨੂੰ ਜੋੜ ਕੇ ਦੇਖਿਆ ਜਾਵੇਗਾ ਤਾਂ ਸਮਝ ਆਵੇਗੀ ਕਿ ਸਰਕਾਰ ਓਸ ਬਿੱਲ ਰਾਹੀਂ ਕਰੋਸ ਸਬਸਿਡੀ ਬੰਦ ਕਰਕੇ ਲੋਕਾਂ ਨੂੰ ਮਹਿੰਗੇ ਰੇਟਾਂ ਤੇ ਬਿਜਲੀ ਦੇਣ ਦਾ ਸਿਲਸਿਲਾ ਸ਼ੁਰੂ ਕਰਨ ਜਾ ਰਹੀ ਹੈ, ਜਿਸ ਤਹਿਤ ਲੋਕਾਂ ਕੋਲੋਂ ਭਾਰੀ ਬਿੱਲ ਐਡਵਾਂਸ ਵਿੱਚ ਇੱਕਠੇ ਕਰਨ ਲਈ ਇਹ ਦਾਅ ਖੇਡਿਆ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਬਹੁਤ ਸਾਰੇ ਖਪਤਕਾਰ ਸ਼ਹਿਰਾਂ ਤੋਂ ਸੰਪਰਕ ਕਰ ਰਹੇ ਹਨ,ਪਿੰਡਾਂ ਵਿੱਚ ਵੀ ਅਜੇ ਕੁਝ ਮੀਟਰ ਬਾਕੀ ਹਨ, ਸੋ ਆਉਂਦੇ ਦਿਨਾਂ ਵਿੱਚ ਇਹ ਵੀ ਉਤਾਰ ਕੇ ਨਾਲ ਦੀ ਨਾਲ ਜਮ੍ਹਾ ਕਰਵਾਏ ਜਾਣਗੇ। ਉਹਨਾਂ ਦੱਸਿਆ ਕਿ ਮੋਟੇ ਤੌਰ ਤੇ ਪ੍ਰਾਪਤ ਅੰਕੜੇ ਅਨੁਸਾਰ 30 ਤੋਂ 40 ਹਜ਼ਾਰ ਦੀ ਗਿਣਤੀ ਦੇ ਦਰਮਿਆਨ ਮੀਟਰ ਜਮ੍ਹਾ ਕਰਵਾਏ ਗਏ ਹਨ। ਉਹਨਾਂ ਕਿਹਾ ਮੋਰਚੇ ਦਾ ਐਲਾਨ ਹੈ ਕਿ ਉਹ ਸਰਕਾਰ ਵੱਲੋਂ ਪਾਏ ਕਿਸੇ ਵੀ ਤਰੀਕੇ ਦੇ ਜੁਰਮਾਨੇ ਜਾਂ ਫਿਰ ਐਵਰੇਜ ਦੇ ਹਿਸਾਬ ਨਾਲ ਭੇਜੇ ਗਏ ਭਾਰੀ ਬਿੱਲ ਨਹੀਂ ਤਾਰੇ ਜਾਣਗੇ ਸੋ ਇਸ ਮਸਲੇ ਦੇ ਹੱਲ ਲਈ ਸਰਕਾਰ ਰਵਾਇਤੀ ਮੀਟਰ ਲਗਾਉਣ ਦਾ ਪ੍ਰਬੰਧ ਕਰੇ।