ਕਪੂਰਥਲਾ ਸ਼ਹਿਰ ਵਿੱਚ ਅੱਜ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਭੀੜਭਾੜ ਵਾਲੇ ਬਾਜ਼ਾਰ ਦੇ ਰਸਤੇ ਸਥਿਤ ਸੀਨਪੁਰਾ ਇਲਾਕੇ ਵਿੱਚ ਇੱਕ 40 ਸਾਲਾ ਮਹਿਲਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮ੍ਰਿਤਕ ਮਹਿਲਾ ਦੀ ਪਛਾਣ ਹੇਮਪ੍ਰੀਤ ਕੌਰ ਉਰਫ਼ ਹੇਮਾ ਵਜੋਂ ਹੋਈ ਹੈ, ਜੋ ਕਿ ਲਗਭਗ ਇੱਕ ਮਹੀਨਾ ਪਹਿਲਾਂ ਹੀ ਕੈਨੇਡਾ ਤੋਂ ਭਾਰਤ ਵਾਪਸ ਆਈ ਸੀ। ਦਿਨ ਦਿਹਾੜੇ ਹੋਈ ਇਸ ਵਾਰਦਾਤ ਨਾਲ ਇਲਾਕੇ ਵਿੱਚ ਸਨਸਨੀ ਫੈਲ ਗਈ ਹੈ।
ਹਮਲਾਵਰ ਨੇ ਚਲਾਈਆਂ ਗੋਲੀਆਂ
ਮਿਲੀ ਜਾਣਕਾਰੀ ਮੁਤਾਬਕ ਇਹ ਘਟਨਾ ਦੁਪਹਿਰ ਦੇ ਸਮੇਂ ਵਾਪਰੀ। ਦੱਸਿਆ ਜਾ ਰਿਹਾ ਹੈ ਕਿ ਦੋ ਅਣਪਛਾਤੇ ਨੌਜਵਾਨ ਮੋਟਰਸਾਈਕਲ ‘ਤੇ ਸਵਾਰ ਹੋ ਕੇ ਹੇਮਪ੍ਰੀਤ ਕੌਰ ਦੇ ਘਰ ਪਹੁੰਚੇ। ਉਨ੍ਹਾਂ ਨੇ ਜਬਰਦਸਤੀ ਘਰ ਵਿੱਚ ਦਾਖ਼ਲ ਹੋ ਕੇ ਗੋਲੀਆਂ ਚਲਾਈਆਂ। ਘਰ ਵਿੱਚ ਮੌਜੂਦ ਇੱਕ ਬੁਜ਼ੁਰਗ ਔਰਤ ਨੇ ਦੱਸਿਆ ਕਿ ਕੁਝ ਲੋਕ ਅਚਾਨਕ ਘਰ ਅੰਦਰ ਆਏ ਅਤੇ ਕੁਝ ਹੀ ਪਲਾਂ ਬਾਅਦ ਗੋਲੀਆਂ ਚਲਣ ਦੀ ਆਵਾਜ਼ ਸੁਣਾਈ ਦਿੱਤੀ। ਘਟਨਾ ਇੰਨੀ ਅਚਾਨਕ ਸੀ ਕਿ ਕਿਸੇ ਨੂੰ ਵੀ ਸੰਭਲਣ ਦਾ ਮੌਕਾ ਨਹੀਂ ਮਿਲਿਆ।
ਗੋਲੀ ਲੱਗਣ ਨਾਲ ਔਰਤ ਦੀ ਮੌਤ
ਪੁਲਿਸ ਅਧਿਕਾਰੀਆਂ ਅਨੁਸਾਰ ਘਟਨਾ ਦੌਰਾਨ ਕੁੱਲ ਚਾਰ ਗੋਲੀਆਂ ਚਲਾਈਆਂ ਗਈਆਂ, ਜਿਨ੍ਹਾਂ ਵਿੱਚੋਂ ਇੱਕ ਗੋਲੀ ਹੇਮਪ੍ਰੀਤ ਕੌਰ ਨੂੰ ਲੱਗੀ, ਜਦਕਿ ਤਿੰਨ ਗੋਲੀਆਂ ਹਵਾ ਵਿੱਚ ਚਲਾਈਆਂ ਗਈਆਂ। ਗੰਭੀਰ ਰੂਪ ਵਿੱਚ ਜ਼ਖ਼ਮੀ ਹੋਈ ਹੇਮਪ੍ਰੀਤ ਕੌਰ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।
ਪੁਲਿਸ ਵੱਲੋਂ ਮਾਮਲੇ ਦੀ ਜਾਂਚ, ਜਾਰੀ
ਵਾਰਦਾਤ ਦੀ ਸੂਚਨਾ ਮਿਲਦੇ ਹੀ ਕਪੂਰਥਲਾ ਪੁਲਿਸ ਦੇ ਸੀਨੀਅਰ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਅਤੇ ਇਲਾਕੇ ਨੂੰ ਘੇਰ ਕੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਵੱਲੋਂ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਤਾਂ ਜੋ ਦੋਸ਼ੀਆਂ ਦੀ ਪਛਾਣ ਕੀਤੀ ਜਾ ਸਕੇ। ਮ੍ਰਿਤਕ ਮਹਿਲਾ ਦੀ ਲਾਸ਼ ਨੂੰ ਕਾਨੂੰਨੀ ਕਾਰਵਾਈ ਲਈ ਸਰਕਾਰੀ ਹਸਪਤਾਲ ਦੇ ਮੋਰਚਰੀ ਘਰ ਵਿੱਚ ਰੱਖਵਾਇਆ ਗਿਆ ਹੈ।
https://www.instagram.com/reel/DTAoqG3Dzow/?utm_source=ig_web_copy_link
ਸੁਰੱਖਿਆ ਵਿਵਸਥਾ ਖੜੇ ਸਵਾਲ
ਦੱਸਿਆ ਜਾ ਰਿਹਾ ਹੈ ਕਿ ਹੇਮਪ੍ਰੀਤ ਕੌਰ ਦਾ ਪਤੀ ਅਤੇ ਪੁੱਤਰ ਕੈਨੇਡਾ ਵਿੱਚ ਰਹਿੰਦੇ ਹਨ। ਇਸ ਅਚਾਨਕ ਅਤੇ ਦਰਦਨਾਕ ਘਟਨਾ ਨਾਲ ਪਰਿਵਾਰ ਅਤੇ ਇਲਾਕੇ ਦੇ ਲੋਕ ਗਹਿਰੇ ਸਦਮੇ ਵਿੱਚ ਹਨ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਹਰ ਪੱਖੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਦਿਨ ਦਿਹਾੜੇ ਹੋਈ ਇਸ ਵਾਰਦਾਤ ਨੇ ਸ਼ਹਿਰ ਦੀ ਸੁਰੱਖਿਆ ਵਿਵਸਥਾ ‘ਤੇ ਵੀ ਸਵਾਲ ਖੜੇ ਕਰ ਦਿੱਤੇ ਹਨ।