ਜਲੰਧਰ ਦੇ ਟਾਂਡਾ ਫਾਟਕ ‘ਤੇ ਅੱਜ ਸਵੇਰੇ ਇੱਕ ਵੱਡੀ ਘਟਨਾ ਵਾਪਰੀ, ਜਿਸ ਕਾਰਨ ਰੇਲ ਆਵਾਜਾਈ ਪ੍ਰਭਾਵਿਤ ਹੋ ਗਈ। ਜਾਣਕਾਰੀ ਮੁਤਾਬਕ ਫਾਟਕ ਦੇ ਬਿਲਕੁਲ ਵਿਚਕਾਰ ਇੱਟਾਂ ਨਾਲ ਭਰੀ ਇੱਕ ਟਰੈਕਟਰ-ਟਰਾਲੀ ਦਾ ਐਕਸਲ ਅਚਾਨਕ ਟੁੱਟ ਗਿਆ, ਜਿਸ ਨਾਲ ਟਰਾਲੀ ਫਾਟਕ ‘ਤੇ ਹੀ ਫਸ ਕੇ ਰਹਿ ਗਈ। ਇਹ ਹਾਦਸਾ ਸਵੇਰੇ ਕਰੀਬ 8 ਵਜੇ ਵਾਪਰਿਆ, ਜਿਸ ਤੋਂ ਬਾਅਦ ਇਲਾਕੇ ਵਿੱਚ ਅਫ਼ਰਾ-ਤਫ਼ਰੀ ਦਾ ਮਾਹੌਲ ਬਣ ਗਿਆ।
ਰੇਲ ਲਾਈਨ ਹੋਈ ਪ੍ਰਭਾਵਿਤ
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਟਰੈਕਟਰ-ਟਰਾਲੀ ਮੋਗਾ ਤੋਂ ਇੱਟਾਂ ਲੈ ਕੇ ਆ ਰਹੀ ਸੀ ਅਤੇ ਜਲੰਧਰ ਸ਼ਹਿਰ ਦੇ ਵਿਚਕਾਰੋਂ ਹੁੰਦੀ ਹੋਈ ਪਠਾਨਕੋਟ ਵੱਲ ਜਾ ਰਹੀ ਸੀ। ਜਿਵੇਂ ਹੀ ਟਰਾਲੀ ਟਾਂਡਾ ਫਾਟਕ ਨੂੰ ਪਾਰ ਕਰਨ ਲੱਗੀ, ਓਸੇ ਵੇਲੇ ਟਰਾਲੀ ਦਾ ਐਕਸਲ ਟੁੱਟ ਗਿਆ। ਭਾਰੀ ਭਰਕਮ ਇੱਟਾਂ ਨਾਲ ਲਦੀ ਹੋਣ ਕਰਕੇ ਟਰਾਲੀ ਫਾਟਕ ਦੇ ਬਿਲਕੁਲ ਵਿਚਕਾਰ ਰੁਕ ਗਈ, ਜਿਸ ਨਾਲ ਨਾ ਸਿਰਫ਼ ਸੜਕ ਆਵਾਜਾਈ, ਸਗੋਂ ਰੇਲ ਯਾਤਰਾ ਵੀ ਪੂਰੀ ਤਰ੍ਹਾਂ ਠੱਪ ਹੋ ਗਈ।
ਘਟਨਾ ਦੇ ਤੁਰੰਤ ਬਾਅਦ ਸਥਾਨਕ ਲੋਕ ਮੌਕੇ ‘ਤੇ ਇਕੱਠੇ ਹੋ ਗਏ। ਕਰੀਬ 50 ਤੋਂ ਵੱਧ ਲੋਕਾਂ ਨੇ ਮਿਲ ਕੇ ਟਰਾਲੀ ਨੂੰ ਅੱਗੇ ਧੱਕਣ ਦੀ ਕੋਸ਼ਿਸ਼ ਕੀਤੀ, ਪਰ ਇੱਟਾਂ ਦਾ ਵਜ਼ਨ ਜ਼ਿਆਦਾ ਹੋਣ ਕਾਰਨ ਟਰਾਲੀ ਹਿਲੀ ਵੀ ਨਹੀਂ। ਕਈ ਲੋਕਾਂ ਨੇ ਟਰੈਕਟਰ ਨੂੰ ਪਿੱਛੇ ਖਿੱਚਣ ਦੀ ਕੋਸ਼ਿਸ਼ ਵੀ ਕੀਤੀ, ਪਰ ਤਕਨੀਕੀ ਖ਼ਰਾਬੀ ਅਤੇ ਵਜ਼ਨ ਕਾਰਨ ਕੋਈ ਸਫ਼ਲਤਾ ਨਹੀਂ ਮਿਲੀ।
ਲੋਕ ਹੋਏ ਖੱਜਲ ਖੁਆਰ
ਫਾਟਕ ‘ਤੇ ਫਸੇ ਰਹਿਣ ਕਾਰਨ ਦੋਨੋਂ ਪਾਸਿਆਂ ਵਾਹਨਾਂ ਦੀ ਲੰਮੀ ਲਾਈਨ ਲੱਗ ਗਈ। ਦਫ਼ਤਰ ਜਾਣ ਵਾਲੇ ਕਰਮਚਾਰੀ, ਸਕੂਲ ਬੱਸਾਂ ਅਤੇ ਆਮ ਲੋਕ ਘੰਟਿਆਂ ਤੱਕ ਪਰੇਸ਼ਾਨ ਰਹੇ। ਹਾਲਾਤਾਂ ਦੀ ਗੰਭੀਰਤਾ ਨੂੰ ਦੇਖਦੇ ਹੋਏ ਫਾਟਕ ਦੇ ਗੇਟ ਮੈਨ ਨੇ ਤੁਰੰਤ ਇਸ ਘਟਨਾ ਦੀ ਸੂਚਨਾ ਰੇਲਵੇ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਦਿੱਤੀ।
ਸੂਚਨਾ ਮਿਲਦੇ ਹੀ ਰੇਲਵੇ ਅਧਿਕਾਰੀਆਂ ਵੱਲੋਂ ਸੁਰੱਖਿਆ ਦੇ ਮੱਦੇਨਜ਼ਰ ਇਸ ਰੂਟ ‘ਤੇ ਆਉਣ ਵਾਲੀਆਂ ਟ੍ਰੇਨਾਂ ਨੂੰ ਰੋਕ ਦਿੱਤਾ ਗਿਆ। ਇਸ ਕਾਰਨ ਕਈ ਟ੍ਰੇਨਾਂ ਨੂੰ ਨੇੜਲੇ ਸਟੇਸ਼ਨਾਂ ‘ਤੇ ਰੋਕਣਾ ਪਿਆ ਅਤੇ ਯਾਤਰੀਆਂ ਨੂੰ ਖਾਸੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਬਾਅਦ ਵਿੱਚ ਕਰੇਨ ਅਤੇ ਤਕਨੀਕੀ ਟੀਮ ਦੀ ਮਦਦ ਨਾਲ ਟਰਾਲੀ ਨੂੰ ਟਰੈਕ ਤੋਂ ਹਟਾਉਣ ਦੀ ਕਾਰਵਾਈ ਸ਼ੁਰੂ ਕੀਤੀ ਗਈ।
ਜਾਨੀ ਨੁਕਸਾਨ ਦਾ ਹੋਇਆ ਬਚਾਅ
ਰੇਲਵੇ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਜੋ ਇੱਕ ਵੱਡੀ ਰਾਹਤ ਦੀ ਗੱਲ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਤੋਂ ਬਚਣ ਲਈ ਸੁਰੱਖਿਆ ਪ੍ਰਬੰਧ ਹੋਰ ਮਜ਼ਬੂਤ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।