ਜਲੰਧਰ:- ਜਲੰਧਰ ਵਿਚ ਰਿਸ਼ਤੇ ਤਾਰ-ਤਾਰ ਕਰਦੀ, ਅਜਿਹੀ ਵਾਰਦਾਤ ਸਾਹਮਣੇ ਆਈ ਹੈ, ਜਿਸ ਦੌਰਾਨ ਸਕੀ ਭੂਆ ਦੇ ਮੁੰਡੇ ਨੇ ਆਪਣੇ ਹੀ ਸਕੇ ਮਾਮੇ ਦੇ ਮੁੰਡੇ ਦਾ ਕਤਲ ਕਰਵਾ ਦਿੱਤਾ। ਘਟਨਾ ਵਿੱਚ ਮ੍ਰਿਤਕ ਨੌਜਵਾਨ ਦੀ ਪਛਾਣ ਜ਼ਿਲ੍ਹਾ ਜਲੰਧਰ ਦੇ ਪਿੰਡ ਤੱਲ੍ਹਣ ਦੇ ਰਹਿਣ ਵਾਲੇ ਤਜਿੰਦਰ ਸਿੰਘ ਪੁੱਤਰ ਅਮਰੀਕ ਸਿੰਘ ਵੱਜੋਂ ਹੋਈ ਹੈ। ਜਲੰਧਰ ਪੁਲਿਸ ਨੇ ਕਤਲ ਮਾਮਲੇ ਵਿੱਚ 4 ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ, ਜਿਹਨਾਂ ਕੋਲੋਂ ਇੱਕ ਕਾਰ ਵੀ ਬਰਾਮਦ ਹੋਈ ਹੈ। ਜਦੋਂ ਕਿ ਮੁੱਖ ਆਰੋਪੀ ਪੁਲਿਸ ਦੀ ਗ੍ਰਿਫ਼ਤ ਤੋਂ ਫਰਾਰ ਚੱਲ ਰਿਹਾ ਹੈ।
ਜਲੰਧਰ ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 26 ਨਵੰਬਰ ਦੀ ਰਾਤ ਨੂੰ ਰਸਤੇ ਵਿੱਚ ਘੇਰ ਕੇ ਕਾਰ ਸਵਾਰ 5 ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ, ਸਾਰੇ ਹਮਲਾਵਰ ਖ਼ੂਨ ਨਾਲ ਲੱਥਪਥ ਨੌਜਵਾਨ ਤਜਿੰਦਰ ਸਿੰਘ ਨਿੱਕਾ ਨੂੰ ਛੱਡ ਕੇ ਫਰਾਰ ਹੋ ਗਏ। ਜਿਸ ਤੋਂ ਬਾਅਦ ਜ਼ਖ਼ਮੀ ਨੌਜਵਾਨ ਤਜਿੰਦਰ ਸਿੰਘ ਨਿੱਕਾ ਨੂੰ ਰਾਮ ਮੰਡੀ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਉੱਥੇ ਹੀ ਪੁਲਿਸ ਨੇ ਜ਼ਖ਼ਮੀ ਨੌਜਵਾਨ ਦੀ ਮਾਤਾ,ਪਤਨੀ ਦੇ ਬਿਆਨ ਉੱਤੇ ਮਾਮਲਾ ਦਰਜ ਕੀਤਾ ਸੀ, ਜਿਸ ਦੀ 8 ਦਸੰਬਰ ਨੂੰ ਇਲਾਜ ਦੌਰਾਨ ਮੌਤ ਹੋ ਗਈ। ਜਿਸ ਤੋਂ ਬਾਅਦ ਪੁਲਿਸ ਨੇ ਹੁਣ ਕਤਲ ਦੀ ਧਾਰਾ 103 (1) ਤਹਿਤ ਮਾਮਲਾ ਦਰਜ ਕੀਤਾ ਹੈ।
ਪੁਲਿਸ ਅਨੁਸਾਰ ਫੜੇ ਗਏ ਮੁਲਜ਼ਮਾਂ ਦੀ ਪਛਾਣ ਪਰਜਿੰਦਰ ਸਿੰਘ,ਜਸਕਰਨ ਸਿੰਘ, ਮਨਪ੍ਰੀਤ ਸਿੰਘ,ਜਿੰਦਰ ਉਰਫ਼ ਲਾਡੀ ਦੇ ਰੂਪ ਵਿਚ ਹੋਈ ਹੈ, ਜਦੋਂ ਕਿ ਨੌਜਵਾਨ ਤਜਿੰਦਰ ਸਿੰਘ ਨਿੱਕਾ ਦੇ ਕਤਲ ਦੇ ਮੁੱਖ ਆਰੋਪੀ ਗੁਰਦੀਪ ਸਿੰਘ ਉਰਫ਼ ਭੁੱਲਰ ਪੁੱਤਰ ਤਾਰਾ ਸਿੰਘ ਨਿਵਾਸੀ ਪਿੰਡ ਰਾਮੇਵਾਲ ਦੀ ਗ੍ਰਿਫ਼ਤਾਰੀ ਲਈ ਪੁਲਿਸ ਵੱਲੋਂ ਵੱਖ-ਵੱਖ ਥਾਵਾਂ ਉੱਤੇ ਰੇਡ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਜਲਦ ਹੀ ਮੁੱਖ ਆਰੋਪੀ ਨੂੰ ਕਾਬੂ ਕਰਨ ਦੀ ਗੱਲ ਆਖੀ ਜਾ ਰਹੀ ਹੈ। ਉੱਥੇ ਹੀ ਮ੍ਰਿਤਕ ਤਜਿੰਦਰ ਸਿੰਘ ਨਿੱਕਾ ਦਾ ਪੋਸਟਮਾਰਟਮ ਕਰਵਾਇਆ ਗਿਆ ਅਤੇ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਹੈ। ਪੁਲਿਸ ਨੇ ਕਿਹਾ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰਕੇ 4 ਦਿਨ ਦਾ ਪੁਲਿਸ ਰਿਮਾਂਡ ਲਿਆ ਗਿਆ ਹੈ ਤਾਂ ਜੋ ਇਸ ਮਾਮਲੇ ਵਿੱਚ ਹੋਰ ਵੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਸਕੇ।