ਪੰਜਾਬ ਦੇ ਜਲੰਧਰ ਸ਼ਹਿਰ ਵਿੱਚ ਚੋਰਾਂ ਦੇ ਇੱਕ ਗਿਰੋਹ ਨੇ ਐਤਵਾਰ ਤੜਕੇ ਇੱਕ ਗਹਿਣਿਆਂ ਦੀ ਦੁਕਾਨ ਨੂੰ ਨਿਸ਼ਾਨਾ ਬਣਾਉਂਦਿਆਂ ਲਗਭਗ 40 ਤੋਂ 50 ਲੱਖ ਰੁਪਏ ਦੀ ਵੱਡੀ ਚੋਰੀ ਨੂੰ ਅੰਜਾਮ ਦਿੱਤਾ। ਇਹ ਘਟਨਾ ਸਵੇਰੇ ਕਰੀਬ 4 ਵਜੇ ਦੀ ਦੱਸੀ ਜਾ ਰਹੀ ਹੈ, ਜਦੋਂ ਲਗਭਗ 10 ਨਕਾਬਪੋਸ਼ ਚੋਰ ਦੁਕਾਨ ‘ਤੇ ਪਹੁੰਚੇ।
ਜਾਣਕਾਰੀ ਮੁਤਾਬਕ, ਚੋਰ ਮਾਸਕ ਅਤੇ ਦਸਤਾਨੇ ਪਾ ਕੇ ਆਏ ਹੋਏ ਸਨ। ਉਨ੍ਹਾਂ ਨੇ ਦੁਕਾਨ ਦਾ ਸ਼ਟਰ ਤੋੜਨ ਲਈ ਲੋਹੇ ਦੀਆਂ ਰਾਡਾਂ ਦੀ ਵਰਤੋਂ ਕੀਤੀ। ਸਿਰਫ਼ 10 ਮਿੰਟਾਂ ਦੇ ਅੰਦਰ ਹੀ ਚੋਰਾਂ ਨੇ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਅਤੇ ਫਰਾਰ ਹੋ ਗਏ।
ਸਵੇਰੇ ਕਰੀਬ 6 ਵਜੇ, ਜਦੋਂ ਬਾਜ਼ਾਰ ਖੁਲਣ ਲੱਗਾ ਤਾਂ ਲੋਕਾਂ ਨੇ ਦੁਕਾਨ ਦਾ ਟੁੱਟਿਆ ਹੋਇਆ ਸ਼ਟਰ ਦੇਖਿਆ। ਇਸ ਤੋਂ ਬਾਅਦ ਤੁਰੰਤ ਪੁਲਿਸ ਅਤੇ ਦੁਕਾਨ ਮਾਲਕ ਨੂੰ ਸੂਚਿਤ ਕੀਤਾ ਗਿਆ। ਸੂਚਨਾ ਤੋਂ ਬਾਅਦ ਪੁਲਿਸ ਮੌਕੇ ‘ਤੇ ਪਹੁੰਚੀ ਤੇ ਜਾਂਚ ਸ਼ੁਰੂ ਕੀਤੀ।
ਪੁਲਿਸ ਨੇ ਦੁਕਾਨ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਕਬਜ਼ੇ ਵਿੱਚ ਲੈ ਲਈ ਹੈ, ਜਿਸ ਵਿੱਚ ਚੋਰਾਂ ਦੀ ਪੂਰੀ ਕਰਤੂਤ ਕੈਦ ਹੋ ਗਈ ਹੈ। ਫੁਟੇਜ ਵਿੱਚ ਦਿਖਾਈ ਦੇ ਰਿਹਾ ਹੈ ਕਿ ਕਿਵੇਂ ਚੋਰ ਸੁਚੱਜੀ ਯੋਜਨਾ ਨਾਲ ਸ਼ਟਰ ਤੋੜ ਕੇ ਦੁਕਾਨ ਵਿੱਚ ਦਾਖਲ ਹੁੰਦੇ ਹਨ ਅਤੇ ਸੇਫ਼ ਅਤੇ ਕਾਊਂਟਰ ਵਿੱਚ ਰੱਖੇ ਸੋਨੇ-ਚਾਂਦੀ ਦੇ ਕੀਮਤੀ ਗਹਿਣੇ ਚੋਰੀ ਕਰ ਲੈਂਦੇ ਹਨ।
ਦੁਕਾਨ ਮਾਲਕ ਨੇ ਦੱਸਿਆ ਕਿ ਚੋਰ ਉਸ ਦੀ ਦੁਕਾਨ ਤੋਂ ਲਗਭਗ 40 ਤੋਂ 50 ਲੱਖ ਰੁਪਏ ਦੇ ਸੋਨੇ ਅਤੇ ਚਾਂਦੀ ਦੇ ਗਹਿਣੇ ਲੈ ਕੇ ਫਰਾਰ ਹੋ ਗਏ ਹਨ। ਫਿਲਹਾਲ, ਪੁਲਿਸ ਸੀਸੀਟੀਵੀ ਫੁਟੇਜ ਦੇ ਆਧਾਰ ‘ਤੇ ਚੋਰਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਪੁਲਿਸ ਦਾ ਕਹਿਣਾ ਹੈ ਕਿ ਜਲਦੀ ਹੀ ਇਸ ਮਾਮਲੇ ਵਿੱਚ ਹੋਰ ਖੁਲਾਸਾ ਕੀਤਾ ਜਾਵੇਗਾ।