Trending:
ਜਲੰਧਰ ਵਿੱਚ ਇੱਕ ਗੰਭੀਰ ਸਾਈਬਰ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ। ਪੀਐਨਬੀ ਤੋਂ ਰਿਟਾਇਰਡ ਮੈਨੇਜਰ ਰਵਿੰਦਰ ਜੈਨ ਨੂੰ ਫੇਸਬੁੱਕ ਦੇ ਇੱਕ ਝੂਠੇ ਇਸ਼ਤਿਹਾਰ ਅਤੇ ਫਰੇਬੀ ਬੈਂਕ ਕਾਲਾਂ ਦੇ ਜਾਲ ਵਿਚ ਫਸਾ ਕੇ ਠੱਗਾਂ ਨੇ ਉਨ੍ਹਾਂ ਦੇ ਬੈਂਕ ਖਾਤਿਆਂ ਤੋਂ ਲਗਭਗ 11.68 ਲੱਖ ਰੁਪਏ ਦੀ ਰਕਮ ਕਢਵਾ ਲਈ। ਇਹ ਘਟਨਾ ਜੈਨ ਕਾਲੋਨੀ, ਰੋਜ਼ ਪਾਰਕ ਇਲਾਕੇ ਵਿੱਚ ਵਾਪਰੀ।
ਮਾਮਲੇ ਦੀ ਸ਼ਿਕਾਇਤ ਪੀੜਤ ਦੇ ਦੋਹਤੇ ਸਯੰਮ ਜੈਨ ਨੇ ਸਾਈਬਰ ਸੈੱਲ ਵਿੱਚ ਦਰਜ ਕਰਵਾਈ। ਉਨ੍ਹਾਂ ਦੱਸਿਆ ਕਿ ਨਾਨਾ ਫਰੀਦਾਬਾਦ ਤੋਂ ਜਲੰਧਰ ਆਏ ਹੋਏ ਸਨ। 15 ਸਤੰਬਰ 2025 ਨੂੰ ਰਵਿੰਦਰ ਜੈਨ ਨੇ ਫੇਸਬੁੱਕ ’ਤੇ ਇੱਕ ਇਸ਼ਤਿਹਾਰ ਦੇਖਿਆ, ਜਿਸ ਵਿੱਚ ਪੀਐਨਬੀ ਐਕਸ-ਕਰਮਚਾਰੀ ਕਰੈਡਿਟ ਕਾਰਡ ਨੂੰ ਲਾਈਫਟਾਈਮ ਫ੍ਰੀ, ਅਨਲਿਮਟਿਡ ਏਅਰਪੋਰਟ ਲਾਊਂਜ ਐਕਸੈਸ ਅਤੇ ਵਧੀਆ ਆਫਰਾਂ ਦੇ ਨਾਲ ਦਰਸਾਇਆ ਗਿਆ। ਪੀਐਨਬੀ ਤੋਂ ਰਿਟਾਇਰਡ ਹੋਣ ਕਾਰਨ ਉਨ੍ਹਾਂ ਨੇ ਇਸ਼ਤਿਹਾਰ ’ਤੇ ਭਰੋਸਾ ਕਰ “ਅਪਲਾਈ ਨਾਉ” ’ਤੇ ਕਲਿੱਕ ਕਰ ਦਿੱਤਾ।
ਫਿਰ ਠੱਗਾਂ ਨੇ 81000-53524 ਨੰਬਰ ਤੋਂ ਕਾਲ ਕਰਕੇ ਆਪਣੇ ਆਪ ਨੂੰ ਬੈਂਕ ਪ੍ਰਤੀਨਿਧੀ ਦੱਸਿਆ ਅਤੇ ਖਾਤੇ ਦੀ ਜਾਣਕਾਰੀ ਮੰਗੀ। ਉਸ ਤੋਂ ਬਾਅਦ ਠੱਗਾਂ ਨੇ ਵਟਸਐਪ ਨੰਬਰ 62899-44324 ਤੋਂ ‘PNB PF Verification’ ਨਾਮ ਦੀ ਏਪੀਕੇ ਫਾਇਲ ਭੇਜੀ। ਜਦ ਪੀੜਤ ਨੇ ਫਾਇਲ ਖੋਲੀ, ਮੋਬਾਈਲ ਹੈਕ ਹੋ ਗਿਆ। ਠੱਗਾਂ ਨੇ ਰਿਮੋਟ ਐਕਸੈਸ ਨਾਲ ਬੈਂਕ ਖਾਤੇ ਅਤੇ ਨਿੱਜੀ ਜਾਣਕਾਰੀਆਂ ਹਾਸਲ ਕੀਤੀਆਂ।
ਇਸ ਦੌਰਾਨ ਠੱਗਾਂ ਨੇ ਪੀੜਤ ਦੇ ਬੈਂਕ ਖਾਤਿਆਂ ਤੋਂ ਪੈਸੇ ਕੱਢਣੇ ਸ਼ੁਰੂ ਕਰ ਦਿੱਤੇ। 16 ਸਤੰਬਰ ਨੂੰ ਚੈੱਕ ਕਰਨ ‘ਤੇ ਪਤਾ ਲੱਗਾ ਕਿ ਖਾਤੇ ਤੋਂ ਰਕਮ ਚੁਰਾਈ ਗਈ ਹੈ। ਠੱਗਾਂ ਨੇ ਫਿਕਸਡ ਡਿਪਾਜ਼ਿਟ ਦੇ ਬਦਲੇ ਲੋਨ ਲੈ ਕੇ ਖਾਤੇ ਵਿਚ ਜਮ੍ਹਾ ਕਰਵਾਇਆ ਅਤੇ ਤੁਰੰਤ ਨਿਕਾਲ ਲਿਆ। ਇਸ ਤੋਂ ਇਲਾਵਾ, ਬਚਤ ਖਾਤੇ ਤੋਂ 2.40 ਲੱਖ ਰੁਪਏ NEFT ਰਾਹੀਂ ਅਤੇ RTGS ਅਤੇ ਓਵਰਡ੍ਰਾਫਟ ਖਾਤੇ ਰਾਹੀਂ ਲਗਭਗ 4 ਲੱਖ ਰੁਪਏ ਚੁਰਾ ਲਏ। ਕੁੱਲ ਮਿਲਾ ਕੇ ਠੱਗਾਂ ਨੇ 11,68,100 ਰੁਪਏ ਦੀ ਧੋਖਾਧੜੀ ਕੀਤੀ।
ਪੁਲਿਸ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ਅਤੇ ਸਾਈਬਰ ਸੈੱਲ ਵੱਲੋਂ ਠੱਗਾਂ ਦੀ ਪਹਚਾਣ ਲਈ ਕਾਰਵਾਈ ਕੀਤੀ ਜਾ ਰਹੀ ਹੈ। ਲੋਕਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਅਜਿਹੇ ਝੂਠੇ ਕਾਰਡ ਅਤੇ ਈ-ਮੇਲ ਜਾਲਾਂ ਤੋਂ ਸਾਵਧਾਨ ਰਹਿਣ।