ਜਲੰਧਰ ਦੇ ਮਿੱਠਾ ਬਜ਼ਾਰ ਖੇਤਰ ਵਿੱਚ ਇੱਕ ਦਰਦਨਾਕ ਹਾਦਸਾ ਵਾਪਰਿਆ। ਉੱਤਰੀ ਭਾਰਤ ਦੇ ਰਾਸ਼ਟਰੀ ਪ੍ਰਮੁੱਖ ਸ਼ਿਵ ਸੈਨਾ ਆਗੂ ਦੀਪਕ ਕੰਬੋਜ ਦੇ ਘਰ ਉਸ ਵੇਲੇ ਮਾਤਮ ਛਾ ਗਿਆ, ਜਦੋਂ ਉਨ੍ਹਾਂ ਦੀ 22 ਸਾਲਾ ਦੀ ਧੀ ਮੁਨਮੁਨ ਚਿਤਵਾਨ ਦੀ ਅਚਾਨਕ ਮੌਤ ਹੋ ਗਈ। ਖਾਸ ਗੱਲ ਇਹ ਹੈ ਕਿ ਨਵੇਂ ਸਾਲ ਦੇ ਮੌਕੇ ਮੁਨਮੁਨ ਦਾ ਜਨਮਦਿਨ ਵੀ ਸੀ, ਜਿਸ ਦੀਆਂ ਤਿਆਰੀਆਂ ਪੂਰੇ ਘਰ ਵਿੱਚ ਚੱਲ ਰਹੀਆਂ ਸਨ, ਪਰ ਖੁਸ਼ੀਆਂ ਨਾਲ ਭਰਿਆ ਇਹ ਮੌਕਾ ਮਾਤਮ ਵਿੱਚ ਬਦਲ ਗਿਆ।
ਮਿਲੀ ਜਾਣਕਾਰੀ ਮੁਤਾਬਕ, ਦੀਪਕ ਕੰਬੋਜ ਦੀ ਧੀ ਮੁਨਮੁਨ ਚਿਤਵਾਨ ਰੋਜ਼ਾਨਾ ਦੀ ਤਰ੍ਹਾਂ ਘਰ ਦੇ ਬਾਥਰੂਮ ਵਿੱਚ ਨਹਾਉਣ ਗਈ ਸੀ। ਇਸ ਦੌਰਾਨ ਗੀਜ਼ਰ ਨਾਲ ਜੁੜੀ ਪਾਈਪ ਵਿੱਚ ਤਕਨੀਕੀ ਖਰਾਬੀ ਆ ਗਈ ਅਤੇ ਗੈਸ ਲੀਕ ਹੋਣ ਲੱਗੀ। ਬਾਥਰੂਮ ਬੰਦ ਹੋਣ ਕਾਰਨ ਉੱਥੇ ਗੈਸ ਭਰ ਗਈ, ਜਿਸ ਕਾਰਨ ਬੇਟੀ ਨੂੰ ਸਾਹ ਲੈਣ ਵਿੱਚ ਮੁਸ਼ਕਲ ਹੋਈ ਅਤੇ ਉਹ ਬਾਥਰੂਮ ਵਿੱਚ ਹੀ ਬੇਹੋਸ਼ ਹੋ ਗਈ। ਕਾਫੀ ਦੇਰ ਤੱਕ ਬਾਹਰ ਨਾ ਆਉਣ 'ਤੇ ਪਰਿਵਾਰ ਵਾਲਿਆਂ ਨੇ ਦਰਵਾਜ਼ਾ ਖਟਖਟਾਇਆ, ਪਰ ਅੰਦਰੋਂ ਕੋਈ ਜਵਾਬ ਨਹੀਂ ਮਿਲਿਆ। ਅਣਹੋਣੀ ਦੀ ਸੰਭਾਵਨਾ ਦੇਖਦੇ ਹੋਏ ਦਰਵਾਜ਼ਾ ਤੋੜਿਆ ਗਿਆ ਤਾਂ ਬੇਟੀ ਬੇਹੋਸ਼ ਹਾਲਤ ਵਿੱਚ ਪਾਈ ਸੀ। ਤੁਰੰਤ ਪਰਿਵਾਰ ਵਾਲੇ ਉਸ ਨੂੰ ਹਸਪਤਾਲ ਲੈ ਗਏ, ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।
ਪਿਤਾ ਦੀਪਕ ਕੰਬੋਜ ਨੇ ਦੱਸਿਆ ਕਿ ਨਵੇਂ ਸਾਲ ਮੌਕੇ ਹੀ ਧੀ ਦਾ ਜਨਮਦਿਨ ਸੀ, ਜਿਸ ਲਈ ਘਰ ਵਿੱਚ ਖਾਸ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ। ਰਿਸ਼ਤੇਦਾਰਾਂ ਅਤੇ ਦੋਸਤਾਂ ਨੂੰ ਬੁਲਾਉਣ ਦੀ ਯੋਜਨਾ ਸੀ, ਪਰ ਕਿਸੇ ਨੂੰ ਪਤਾ ਨਹੀਂ ਸੀ ਕਿ ਇਹ ਖੁਸ਼ੀ ਸਦਾ ਲਈ ਮਾਤਮ ਵਿੱਚ ਬਦਲ ਜਾਏਗੀ।
ਡਾਕਟਰਾਂ ਦੀ ਸ਼ੁਰੂਆਤੀ ਜਾਂਚ ਮੁਤਾਬਕ ਗੈਸ ਲੀਕ ਹੋਣ ਕਾਰਨ ਸਾਹ ਰੁਕਣ ਦੇ ਕਾਰਨ ਮੌਤ ਹੋਈ ਹੈ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ, ਤਾਂ ਜੋ ਮੌਤ ਦੇ ਸਹੀ ਕਾਰਣ ਦੀ ਪੁਸ਼ਟੀ ਕੀਤੀ ਜਾ ਸਕੇ।