ਲੁਧਿਆਣਾ: ਜਗਰਾਉਂ ਸਥਿਤ ਸਿੱਧਵਾ ਬੇਟ ਰੋਡ 'ਤੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਇੱਕ ਤੇਜ਼ ਰਫ਼ਤਾਰ ਟਰੱਕ ਪਲਟਣ ਕਾਰਨ ਦੋ ਮਾਸੂਮ ਬੱਚਿਆਂ ਦੀ ਮੌਕੇ 'ਤੇ ਹੀ ਦਰਦਨਾਕ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ 5 ਸਾਲਾ ਗੋਪਾਲ ਅਤੇ 7 ਸਾਲਾ ਪਿੰਕੀ ਵਜੋਂ ਹੋਈ, ਜੋ ਕਿ ਦੋਵੇਂ ਭੈਣ-ਭਰਾ ਸੀ।
ਜਾਣਕਾਰੀ ਅਨੁਸਾਰ ਪੱਥਰਾਂ ਨਾਲ ਲੱਦਿਆ ਇੱਕ ਟਰੱਕ ਅਚਾਨਕ ਬੇਕਾਬੂ ਹੋ ਕੇ ਸੜਕ ਕੰਢੇ ਬਣੀ ਝੋਪੜੀ 'ਤੇ ਜਾ ਪਲਟਿਆ। ਇਸ ਭਿਆਨਕ ਹਾਦਸੇ ਵਿੱਚ ਝੋਪੜੀ ਵਿੱਚ ਸੌਂ ਰਹੇ ਦੋ ਮਾਸੂਮ ਬੱਚਿਆਂ ਦੀ ਜਾਨ ਚਲੀ ਗਈ, ਜਦਕਿ ਦੋ ਹੋਰ ਬੱਚੇ ਜ਼ਖਮੀ ਹੋ ਗਏ।
ਪ੍ਰਾਪਤ ਜਾਣਕਾਰੀ ਅਨੁਸਾਰ, ਸਿੱਧਵਾਂ ਬੇਟ ਵਾਲੇ ਪਾਸੇ ਤੋਂ ਆ ਰਿਹਾ ਇਹ ਟਰੱਕ ਜਗਰਾਉਂ ਨੇੜੇ ਬਣੀ ਸੇਮ ਦੇ ਨੇੜੇ ਅਚਾਨਕ ਪਲਟ ਗਿਆ। ਜਿੱਥੇ ਟਰੱਕ ਪਲਟਿਆ, ਉਥੇ ਖਿਡਾਉਣੇ ਵੇਚਣ ਵਾਲੇ ਮਜ਼ਦੂਰ ਪਰਿਵਾਰ ਨੇ ਆਪਣੇ ਬੱਚਿਆਂ ਸਮੇਤ ਝੋਪੜੀ ਪਾ ਰੱਖੀ ਸੀ। ਟਰੱਕ ਦੇ ਪਲਟਣ ਨਾਲ ਭਾਰੀ ਪੱਥਰ ਝੋਪੜੀ 'ਤੇ ਡਿੱਗ ਪਏ, ਜਿਸ ਕਾਰਨ ਸੱਤ ਸਾਲਾ ਬੱਚੀ ਪਿੰਕੀ ਅਤੇ ਉਸ ਦੇ ਪੰਜ ਸਾਲਾ ਭਰਾ ਗੋਪਾਲ ਪੱਥਰਾਂ ਹੇਠ ਦਬ ਕੇ ਮੌਕੇ 'ਤੇ ਹੀ ਮਾਰੇ ਗਏ।
ਘਟਨਾ ਸਥਾਨ ਮੌਕੇ 'ਤੇ ਪੁੱਜੀ ਰਾਹਤ ਟੀਮ ਨੇ ਦੋ ਘੰਟੇ ਦੀ ਸਖ਼ਤ ਜੱਦੋ-ਜਹਿਦ ਤੋਂ ਬਾਅਦ ਦੋ ਹੋਰ ਬੱਚਿਆਂ ਸਨਦੀਪ ਤੇ ਮਨਦੀਪ ਨੂੰ ਪੱਥਰਾਂ ਹੇਠੋਂ ਜਿਉਂਦਾ ਕੱਢ ਲਿਆ, ਪਰ ਉਨ੍ਹਾਂ ਦੀ ਹਾਲਤ ਵੀ ਗੰਭੀਰ ਦੱਸੀ ਜਾ ਰਹੀ ਹੈ ਜ਼ੋ ਕਿ ਜਗਰਾਓਂ ਸਿਵਲ ਹਸਪਤਾਲ ਵਿਚ ਜੇਰੇ ਇਲਾਜ ਹਨ। ਇਸ ਦਰਮਿਆਨ ਟਰੱਕ 'ਚ ਫਸਿਆ ਡਰਾਈਵਰ ਅਗਲੇ ਸ਼ੀਸ਼ੇ ਨੂੰ ਤੋੜ ਕੇ ਮੌਕੇ ਤੋਂ ਫਰਾਰ ਹੋ ਗਿਆ।
ਪੁਲਿਸ ਜਾਂਚ ਜਾਰੀ, ਡਰਾਈਵਰ ਦੀ ਭਾਲ ਜਾਰੀ
ਹਾਦਸੇ ਦੀ ਸੂਚਨਾ ਮਿਲਣ 'ਤੇ ਪੁਲਿਸ ਮੌਕੇ 'ਤੇ ਪਹੁੰਚੀ, 2 ਘੰਟੇ ਦੀ ਜੱਦੋ-ਜਹਿਦ ਤੋਂ ਬਾਅਦ ਦੋ ਹੋਰ ਬੱਚਿਆਂ ਸਨਦੀਪ ਅਤੇ ਮਨਦੀਪ ਨੂੰ ਪੱਥਰਾਂ ਹੇਠੋਂ ਜਿਉਂਦਾ ਕੱਢ ਲਿਆ, ਉਨ੍ਹਾਂ ਨੇ ਦੋਵਾਂ ਬੱਚਿਆਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਸਰਕਾਰੀ ਹਸਪਤਾਲ ਦੇ ਮੁਰਦਾਘਰ ਵਿੱਚ ਰੱਖ ਦਿੱਤਾ ਹੈ। ਇਸ ਦਰਮਿਆਨ ਟਰੱਕ 'ਚ ਫਸਿਆ ਡਰਾਈਵਰ ਅਗਲੇ ਸ਼ੀਸ਼ੇ ਨੂੰ ਤੋੜ ਕੇ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਵੱਲੋਂ ਭੱਜਣ ਵਾਲੇ ਟਰੱਕ ਡਰਾਈਵਰ ਅਤੇ ਉਸਦੇ ਸਾਥੀ ਦੀ ਭਾਲ ਕੀਤੀ ਜਾ ਰਹੀ ਹੈ।
ਹਾਦਸੇ ਤੋਂ ਬਾਅਦ ਉਸਦਾ ਭੱਜਣਾ ਉਸਦੀ ਲਾਪਰਵਾਹੀ ਅਤੇ ਬੇਰਹਿਮੀ ਨੂੰ ਸਪੱਸ਼ਟ ਤੌਰ 'ਤੇ ਉਜਾਗਰ ਕਰਦਾ ਹੈ। ਇਸ ਹਾਦਸੇ ਨੇ ਨਾ ਸਿਰਫ ਦੋ ਮਾਸੂਮ ਜਾਨਾਂ ਲਈਆਂ ਬਲਕਿ ਤੇਜ਼ ਰਫ਼ਤਾਰ, ਲਾਪਰਵਾਹ ਟਰੱਕ ਡਰਾਈਵਰਾਂ ਅਤੇ ਗਰੀਬ ਪਰਿਵਾਰਾਂ ਲਈ ਸਿਸਟਮ ਦੀ ਸੁਰੱਖਿਆ 'ਤੇ ਵੀ ਗੰਭੀਰ ਸਵਾਲ ਖੜ੍ਹੇ ਕੀਤੇ।