ਚੰਡੀਗੜ੍ਹ:- IPS ਵਾਈ ਪੂਰਨ ਕੁਮਾਰ ਦੀ ਖੁਦਕੁਸ਼ੀ ਨੂੰ 2 ਮਹੀਨਿਆਂ ਤੋਂ ਜ਼ਿਆਦਾ ਸਮਾਂ ਹੋ ਚੁੱਕਿਆ ਹੈ,ਪਰ SIT ਅਜੇ ਤੱਕ ਕੋਈ ਵੀ ਚਾਰਜਸ਼ੀਟ ਜ਼ਿਲ੍ਹਾ ਅਦਾਲਤ ਵਿੱਚ ਦਾਖਲ ਨਹੀਂ ਕਰ ਸਕੀ। SIT ਨੇ ਸੋਮਵਾਰ ਨੂੰ ਜ਼ਿਲ੍ਹਾ ਅਦਾਲਤ ਵਿੱਚ ਦੇਰੀ ਹੋਣ ਦੇ ਕਾਰਨਾਂ ਸਬੰਧੀ ਵੇਰਵਾ ਪੇਸ਼ ਕੀਤਾ। SIT ਨੇ ਕਿਹਾ ਅਜੇ ਤੱਕ ਕੀਤੀ ਗਈ ਜਾਂਚ ਦੌਰਾਨ 40 ਦੇ ਕਰੀਬ ਲੋਕਾਂ ਤੋਂ ਪੁੱਛ ਗਿੱਛ ਕਰਨ ਤੋਂ ਬਾਅਦ ਬਿਆਨ ਦਰਜ ਕੀਤੇ ਗਏ ਹਨ। ਐੱਸਆਈਟੀ ਦਾ ਕਹਿਣਾ ਹੈ ਕਿ ਹਰਿਆਣਾ ਪੁਲਿਸ ਤੋਂ ਕਈ ਜ਼ਰੂਰੀ ਕਾਗਜ਼ ਅਜੇ ਤੱਕ ਨਹੀਂ ਮਿਲੇ, ਜਿਸ ਕਰਕੇ ਜਾਂਚ ਵਿੱਚ ਦੇਰੀ ਹੋ ਰਹੀ ਹੈ।
SIT ਨੇ ਇਸ ਮਾਮਲੇ ਦੀ ਤਹਿ ਤੱਕ ਜਾਣ ਲਈ ਹਰਿਆਣਾ ਪੁਲਿਸ ਤੋਂ ਸਰਕਾਰੀ ਰਿਕਾਰਡ,ਫਾਈਲ ਨੋਟਿੰਗਸ,ਡਿਜੀਟਲ ਡਾਟਾ, ਕਾਲ ਡਿਟੇਲ ਰਿਕਾਰਡ ਸਮੇਤ ਕਈ ਜ਼ਰੂਰੀ ਕਾਗਜ਼ ਮੰਗੇ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਐੱਸਆਈਟੀ ਨੇ ਕੁਝ ਵਿਭਾਗ ਦੀ ਈਮੇਲ ਅਤੇ ਅੰਦਰੂਨੀ ਰਿਪੋਰਟ ਵੀ ਤਲਬ ਕੀਤੀ ਗਈ ਹੈ।
ਮੌਜੂਦਾ ਮਾਮਲੇ ਵਿੱਚ ਹੈਰਾਨੀ ਕਰਨ ਵਾਲੀ ਗੱਲ ਇਹ ਹੈ ਕਿ IPS ਵਾਈ ਪੂਰਨ ਕੁਮਾਰ ਦੀ ਖੁਦਕੁਸ਼ੀ ਤੋਂ ਬਾਅਦ ਵਾਲੀ ਘਟਨਾ ਤੋਂ ਸੁਸਾਇਡ ਨੋਟ ਵਿੱਚ ਜਿਹਨਾਂ 15 ਅਧਿਕਾਰੀਆਂ ਦੇ ਨਾਮ ਦਰਜ ਸਨ, ਉਹਨਾਂ ਨੂੰ ਅਜੇ ਤੱਕ ਨਾ ਤਾਂ ਕੋਈ ਨੋਟਿਸ ਜਾਰੀ ਹੋਇਆ ਹੈ ਅਤੇ ਨਹੀਂ ਹੀ ਉਹਨਾਂ ਦੇ ਬਿਆਨ ਦਰਜ ਕਰਵਾਉਣ ਲਈ ਕਿਹਾ ਗਿਆ ਹੈ। ਸੂਤਰਾਂ ਅਨੁਸਾਰ SIT ਇਸ ਮਾਮਲੇ ਵਿੱਚ ਕੋਰਟ ਨੂੰ ਅਲੱਗ ਜਾਣਕਾਰੀ ਦੇਣ ਦੀ ਤਿਆਰੀ ਵਿੱਚ ਹੈ। ਐੱਸਆਈਟੀ ਨੇ ਜ਼ਿਲ੍ਹਾ ਅਦਾਲਤ ਨੂੰ ਇਹ ਭਰੋਸਾ ਦਿੱਤਾ ਹੈ ਕਿ ਉਹ ਜਲਦ ਹੀ ਇਸ ਕੇਸ ਸਬੰਧੀ ਅਹਿਮ ਜਾਣਕਾਰੀਆਂ ਪੇਸ ਕਰਨਗੇ। ਦੱਸ ਦਈਏ ਕਿ IPS ਵਾਈ ਪੂਰਨ ਕੁਮਾਰ ਨੇ 7 ਅਕਤੂਬਰ ਨੂੰ ਚੰਡੀਗੜ੍ਹ ਸੈਕਟਰ 11 ਦੀ ਆਪਣੀ ਰਿਹਾਇਸ਼ ਵਿੱਚ ਆਪਣੇ ਰਿਵਾਲਵਰ ਨਾਲ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਸੀ।